ਬਿਹਾਰ ਦੀ ਖੁੱਲ੍ਹੀ ਕਿਸਮਤ! ਰੇਲਵੇ ਲਈ ਮਿਲੇ 10,000 ਕਰੋੜ, ਛਪਰਾ-ਦਿੱਲੀ ਨਵੀਂ ਰੇਲ ਦਾ ਐਲਾਨ

Friday, Jun 19, 2026 - 07:31 PM (IST)

ਬਿਹਾਰ ਦੀ ਖੁੱਲ੍ਹੀ ਕਿਸਮਤ! ਰੇਲਵੇ ਲਈ ਮਿਲੇ 10,000 ਕਰੋੜ, ਛਪਰਾ-ਦਿੱਲੀ ਨਵੀਂ ਰੇਲ ਦਾ ਐਲਾਨ

ਨੈਸ਼ਨਲ ਡੈਸਕ- ਕੇਂਦਰ ਸਰਕਾਰ ਨੇ ਬਿਹਾਰ ਦੇ ਰੇਲਵੇ ਵਿਕਾਸ ਨੂੰ ਵਧਾਉਂਦੇ ਹੋਏ ਚਾਲੂ ਵਿੱਤੀ ਸਾਲ 'ਚ ਸੂਬੇ ਲਈ 10,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਰਿਕਾਰਡ ਬਜਟ ਜਾਰੀ ਕੀਤਾ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਸ਼ੁੱਕਰਵਾਰ ਨੂੰ ਬਿਹਾਰ ਦੌਰੇ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਰੇਲਵੇ ਨੈੱਟਵਰਕ ਨੂੰ ਮਜ਼ਬੂਤ ਬਣਾਉਣ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਕਈ ਮਹੱਤਵਪੂਰਨ ਪ੍ਰਾਜੈਕਟਾਂ 'ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। 

ਰੇਲ ਮੰਤਰੀ ਅਨੁਸਾਰ ਬਿਹਾਰ 'ਚ ਇਸ ਸਮੇਂ 1.15 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਪ੍ਰਾਜੈਕਟ ਵੱਖ-ਵੱਖ ਪੜਾਵਾਂ 'ਚ ਚੱਲ ਰਹੇ ਹਨ। ਇਨ੍ਹਾਂ ਪ੍ਰਾਜੈਕਟਾਂ ਦੇ ਪੂਰਾ ਹੋਣ ਨਾਲ ਸੂਬੇ 'ਚ ਰੇਲ ਕੁਨੈਕਟੀਵਿਟੀ ਅਤੇ ਆਵਾਜਾਈ ਸਹੂਲਤਾਂ 'ਚ ਵੱਡਾ ਸੁਧਾਰ ਦੇਖਣ ਨੂੰ ਮਿਲੇਗਾ। 

ਬਿਹਾਰ ਦੌਰੇ ਦੌਰਾਨ ਅਸ਼ਵਨੀ ਵੈਸ਼ਣਵ ਨੇ ਛਪਰਾ ਅਤੇ ਦਿੱਲੀ ਵਿਚਾਲੇ ਨਵੀਂ ਐਕਸਪ੍ਰੈੱਸ ਰੇਲ ਚਲਾਉਣ ਦਾ ਵੀ ਐਲਾਨ ਕੀਤਾ। ਮੰਨਿਆ ਜਾ ਰਿਹਾ ਹੈ ਕਿ ਇਸ ਰੇਲ ਨਾਲ ਬਿਹਾਰ ਦੇ ਲੱਖਾਂ ਯਾਤਰੀਆਂ ਨੂੰ ਰਾਜਧਾਨੀ ਦਿੱਲੀ ਤਕ ਪਹੁੰਚਣ 'ਚ ਸਹੂਲਤ ਮਿਲੇਗੀ। ਖਾਸ ਕਰਕੇ ਨੌਕਰੀਪੇਸ਼ਾ ਲੋਕਾਂ, ਵਿਦਿਆਰਥੀਾਂ ਅਤੇ ਵਪਾਰੀਆਂ ਨੂੰ ਇਸਦਾ ਲਾਭ ਮਿਲੇਗਾ। 

ਰੇਲ ਮੰਤਰੀ ਨੇ ਕਿਹਾ ਕਿ ਸਰਕਾਰ ਲਗਾਤਾਰ ਉਨ੍ਹਾਂ ਰੂਟਾਂ 'ਤੇ ਨਵੀਆਂ ਰੇਲਾਂ ਸ਼ੁਰੂ ਕਰ ਰਹੀ ਹੈ, ਜਿਥੇ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੈ ਅਤੇ ਵਾਧੂ ਰੇਲ ਸੇਵਾਵਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। 

ਰੇਲ ਨਿਰਮਾਣ 'ਚ ਵੱਧ ਰਹੀ ਬਿਹਾਰ ਦੀ ਭੂਮਿਕਾ

ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਬਿਹਾਰ ਹੁਣ ਸਿਰਫ ਰੇਲਵੇ ਸੇਵਾਵਾਂ ਦਾ ਉਪਭੋਗਤਾ ਨਹੀਂ ਸਗੋਂ ਰੇਲਵੇ ਨਿਰਮਾਣ ਦਾ ਮਹੱਤਵਪੂਰਨ ਕੇਂਦਰ ਵੀ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਿਹਾਰ ਦੇ ਮਰਹੌਰਾ ਸਥਿਤ ਲੋਕੋਮੋਟਿਵ ਫੈਕਟਰੀ 'ਚ ਬਣੇ ਇੰਜਣ ਵਿਦੇਸ਼ਾਂ ਤਕ ਭੇਜੇ ਜਾ ਰਹੇ ਹਨ। 

ਉਨ੍ਹਾਂ ਨੇ ਕਿਹਾ ਕਿ ਅੱਜ ਮਰਹੌਰਾ ਪਲਾਂਟ ਤੋਂ 51ਵਾਂ ਲੋਕੋਮੋਟਿਵ ਇੰਜਣ ਇਕ ਅਫਰੀਕੀ ਦੇਸ਼ ਨੂੰ ਨਿਰਯਾਤ ਕੀਤਾ ਜਾਵੇਗਾ। ਇਹ ਬਿਹਾਰ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ ਕਿਉਂਕਿ ਭਾਰਤੀ ਤਕਨੀਕ ਅਤੇ ਨਿਰਮਾਣ ਸਮਰਥਾ ਨੂੰ ਗਲੋਬਲ ਪੱਧਰ 'ਤੇ ਪਛਾਣ ਮਿਲ ਰਹੀ ਹੈ। 


author

Rakesh

Content Editor

Related News