200 ਕਰੋੜ ਦੀ ਲਾਗਤ ਨਾਲ਼ ਤਿਆਰ IPC ਅਟਾਰੀ ਤੇ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਬਣਿਆ ਚਿੱਟਾ ਹਾਥੀ
Monday, Jul 27, 2026 - 02:34 PM (IST)
ਅੰਮ੍ਰਿਤਸਰ (ਨੀਰਜ)- ਲਗਭਗ 200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ਼ ਤਿਆਰ ਅੰਮ੍ਰਿਤਸਰ ਦੇ ਅਟਾਰੀ ਬਾਰਡਰ ’ਤੇ ਸਥਿਤ ਆਈ. ਸੀ. ਪੀ. ਅਟਾਰੀ (ਇੰਟੀਗ੍ਰੇਟਿਡ ਚੈੱਕ ਪੋਸਟ) ਅਤੇ ਇੰਟਰਨੈਸ਼ਨਲ ਅਟਾਰੀ ਰੇਲਵੇ ਸਟੇਸ਼ਨ ਇਸ ਸਮੇਂ ਚਿੱਟਾ ਹਾਥੀ ਬਣ ਚੁੱਕਾ ਹੈ। ਇੱਥੋਂ ਤੱਕ ਕਿ ਆਈ. ਸੀ. ਪੀ. ’ਤੇ ਰੱਖੀਆਂ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਨੂੰ ਵੀ ਜੰਗ ਲੱਗਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ- 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ 13 ਜ਼ਿਲ੍ਹਿਆਂ ਦੇ ਯੂਥ ਵਿੰਗ ਪ੍ਰਧਾਨਾਂ ਦਾ ਐਲਾਨ
ਜਾਣਕਾਰੀ ਅਨੁਸਾਰ ਪੁਲਵਾਮਾ ਹਮਲੇ 14 ਫ਼ਰਵਰੀ 2019 ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਨਾਲ਼ ਇੰਪੋਰਟ-ਔਕਸਪੋਰਟ ਬੰਦ ਕਰ ਦਿੱਤਾ ਗਿਆ ਸੀ ਅਤੇ ਪਾਕਿਸਤਾਨ ਤੋਂ ਐੱਮ. ਐੱਫ. ਐੱਨ. (ਮੋਸਟ ਫੇਵਰਡ ਨੇਸ਼ਨ) ਦਾ ਦਰਜਾ ਵੀ ਵਾਪਸ ਲੈ ਲਿਆ ਗਿਆ ਸੀ। ਪਾਕਿਸਤਾਨ ਤੋਂ ਇੰਪੋਰਟ ਕੀਤੇ ਜਾਣ ਵਾਲੇ ਸਾਮਾਨ ’ਤੇ 200 ਫ਼ੀਸਦੀ ਡਿਊਟੀ ਲਾ ਦਿੱਤੀ ਗਈ, ਜਿਸ ਦੇ ਬਦਲੇ ਪਾਕਿਸਤਾਨ ਨੇ ਵੀ ਭਾਰਤ ਨੂੰ ਐਕਸਪੋਰਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਅੱਜ ਇਸ ਘਟਨਾਕ੍ਰਮ ਨੂੰ 7 ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ ਪਰ ਆਈ. ਸੀ. ਪੀ. ਖੁੱਲ੍ਹਣ ਦੀ ਸੰਭਾਵਨਾ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ, ਜਦਕਿ ਆਈ. ਸੀ. ਪੀ. ਬੰਦ ਹੋਣ ਨਾਲ਼ ਕੁਲੀਆਂ, ਲੇਬਰ, ਟ੍ਰਾਂਸਪੋਰਟਰਾਂ, ਸੀ. ਐੱਚ. ਏ. ਤੇ ਹੋਰ ਕਰਮਚਾਰੀਆਂ ਦੇ 50 ਹਜ਼ਾਰ ਤੋਂ ਜ਼ਿਆਦਾ ਪਰਿਵਾਰ ਬੇਰੋਜ਼ਗਾਰ ਹੋ ਚੁੱਕੇ ਹਨ ਅਤੇ ਸਰਹੱਦੀ ਇਲਾਕਾ ਹੋਣ ਕਰਕੇ ਉਥੇ ਆਮਦਨ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਸੱਪਾਂ ਦਾ ਕਹਿਰ: 55 ਮਰੀਜ਼ ਹਸਪਤਾਲ ਦੀ ਐਮਰਜੈਂਸੀ 'ਚ ਦਾਖ਼ਲ, ਬਣਿਆ ਡਰ ਦਾ ਮਾਹੌਲ
ਏਅਰ ਕੰਡੀਸ਼ਨਡ ਇੰਟਰਨੈਸ਼ਨਲ ਰੇਲਵੇ ਸਟੇਸ਼ਨ ਕਿਸੇ ਕੰਮ ਦਾ ਨਹੀਂ
ਆਈ. ਸੀ. ਪੀ. ਅਟਾਰੀ ’ਤੇ ਇੰਪੋਰਟ- ਐਕਸਪੋਰਟ ਬੰਦ ਹੋਣ ਦੇ ਨਾਲ਼-ਨਾਲ਼ ਇਸ ਦੇ ਨਾਲ਼ ਲੱਗਦੇ ਇੰਟਰਨੈਸ਼ਨਲ ਅਟਾਰੀ ਰੇਲਵੇ ਸਟੇਸ਼ਨ ਦੀ ਹਾਲਤ ਵੀ ਇਸ ਸਮੇਂ ਖ਼ਸਤਾ ਹੀ ਹੈ। ਇਸੇ ਰੇਲਵੇ ਸਟੇਸ਼ਨ ’ਤੇ ਸਮਝੌਤਾ ਐਕਸਪ੍ਰੈੱਸ ਆਉਂਦੀ ਸੀ ਅਤੇ ਇਸੇ ਸਟੇਸ਼ਨ ’ਤੇ ਪਾਕਿਸਤਾਨ ਵੱਲੋਂ ਆਉਣ ਵਾਲੀ ਮਾਲਗੱਡੀ ਆਉਂਦੀ ਸੀ। ਪਾਕਿਸਤਾਨ ਵਾਲੇ ਪਾਸੇ ਜਾਣ ਵਾਲੇ ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਦੇ ਜਥੇ ਵੀ ਇਸੇ ਸਟੇਸ਼ਨ ਤੋਂ ਜਾਂਦੇ ਸਨ, ਜਿਨ੍ਹਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਵੱਲੋਂ ਪੂਰੇ ਦੇ ਪੂਰੇ ਸਟੇਸ਼ਨ ਨੂੰ ਏਅਰ ਕੰਡੀਸ਼ਨਡ ਬਣਾ ਦਿੱਤਾ ਗਿਆ ਸੀ ਪਰ ਅੱਜ ਇਹ ਏਅਰ ਕੰਡੀਸ਼ਨਡ ਸਟੇਸ਼ਨ ਯਾਤਰੀਆਂ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ ਪਰ ਯਾਤਰੀ ਆਉਣ ਦੀ ਅਜੇ ਵੀ ਕੋਈ ਸੰਭਾਵਨਾ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 19 ਜ਼ਿਲ੍ਹੇ DARK ZONE 'ਚ, ਪੜ੍ਹੋ ਹੈਰਾਨ ਕਰ ਦੇਣ ਵਾਲੀ ਖ਼ਬਰ
ਬੇਰੋਜ਼ਗਾਰੀ ਕਰਕੇ ਸਮੱਗਲਰਾਂ ਦੇ ਸ਼ਿਕੰਜੇ ’ਚ ਆ ਰਹੇ ਨੌਜਵਾਨ
ਪਿਛਲੇ ਸੱਤ ਸਾਲਾਂ ਤੋਂ ਦੇਖਿਆ ਜਾ ਰਿਹਾ ਹੈ ਕਿ ਅਟਾਰੀ ਬਾਰਡਰ ਦੇ ਸਰਹੱਦੀ ਇਲਾਕਿਆਂ ’ਚ ਸਮੱਗਲਿੰਗ ਅਤੇ ਡਰੋਨ ਦੀ ਮੂਵਮੈਂਟ ਕਈ ਗੁਣਾ ਜ਼ਿਆਦਾ ਵਧ ਗਈ ਹੈ। ਇਕ ਸਮਾਂ ਅਜਿਹਾ ਸੀ ਜਦੋਂ ਚੋਣਵੇਂ ਨਾਮੀ ‘ਏ-ਗ੍ਰੇਡ’ ਕੈਟਾਗਰੀ ਦੇ ਸਮੱਗਲਰ ਰਵਾਇਤੀ ਤਰੀਕੇ ਨਾਲ ਪਲਾਸਟਿਕ ਪਾਈਪ ਰਾਹੀਂ ਤੇ ਹੋਰ ਸਾਧਨਾਂ ਨਾਲ਼ ਹੈਰੋਇਨ ਤੇ ਹਥਿਆਰਾਂ ਦੀ ਸਮੱਗਲਿੰਗ ਕਰਦੇ ਸਨ ਪਰ ਮੌਜੂਦਾ ਸਮੇਂ ’ਚ ਡਰੋਨ ਸਾਰੇ ਰਿਕਾਰਡ ਤੋੜ ਰਿਹਾ ਹੈ।
ਅਜਿਹੇ ਲੋਕ ਵੀ ਡਰੋਨ ਉਡਾ ਰਹੇ ਹਨ ਜਿਨ੍ਹਾਂ ਦਾ ਪਿਛਲੇ ਸਮੇਂ ’ਚ ਸਮੱਗਲਿੰਗ ਨਾਲ਼ ਕੋਈ ਨਾਤਾ ਨਹੀਂ ਸੀ। ਮੁੱਖ ਤੌਰ ’ਤੇ ਸਰਹੱਦੀ ਇਲਾਕਿਆਂ ਦੇ ਬੇਰੋਜ਼ਗਾਰ ਨੌਜਵਾਨ ਵਿਦੇਸ਼ਾਂ ’ਚ ਬੈਠੇ ਸਮੱਗਲਰਾਂ ਦੇ ਸ਼ਿਕੰਜੇ ’ਚ ਫ਼ਸ ਰਹੇ ਹਨ। ਪਿਛਲੇ ਸੱਤ ਸਾਲਾਂ ਦੌਰਾਨ ਬੀ. ਐੱਸ. ਐੱਫ., ਏ. ਐੱਨ. ਟੀ. ਐੱਫ., ਐੱਨ. ਸੀ. ਬੀ., ਸੀ. ਆਈ., ਸਿਟੀ ਤੇ ਦਿਹਾਤੀ ਪੁਲਸ ਵੱਲੋਂ ਜਿੰਨੇ ਵੀ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ 17 ਤੋਂ 25 ਸਾਲ ਦੀ ਉਮਰ ਵਰਗ ਦੇ ਹਨ ਜੋ ਆਸਾਨੀ ਨਾਲ਼ ਸਮੱਗਲਰਾਂ ਦੇ ਜਾਲ ’ਚ ਫਸ ਜਾਂਦੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਸਿੱਖਿਆ ਵਿਭਾਗ ਦਾ ਵੱਡਾ ਧਮਾਕਾ, ਲੱਖਾਂ ਦੇ ਘਪਲੇ ’ਚ BPEO ਸਮੇਤ 4 ਖ਼ਿਲਾਫ਼ ਕਾਰਵਾਈ
ਮਈ 2025 ਤੋਂ ਬਾਅਦ ਅਫ਼ਗਾਨਿਸਤਾਨ ਤੋਂ ਇੰਪੋਰਟ ਵੀ ਬੰਦ
ਸਾਲ 2019 ਦੌਰਾਨ ਜਦੋਂ ਪਾਕਿਸਤਾਨ ਨਾਲ਼ ਇੰਪੋਰਟ-ਐਕਸਪੋਰਟ ਬੰਦ ਹੋਇਆ ਤਾਂ ਪਾਕਿਸਤਾਨ ਦੇ ਰਸਤੇ ਅਫ਼ਗਾਨਿਸਤਾਨ ਤੋਂ ਡਰਾਈ ਫ਼ਰੂਟ ਤੇ ਹੋਰ ਸਾਮਾਨ ਦੇ ਥੋੜ੍ਹੇ-ਬਹੁਤ ਟਰੱਕ ਜ਼ਰੂਰ ਆ ਰਹੇ ਸਨ ਪਰ 22 ਅਪ੍ਰੈਲ 2025 ਨੂੰ ਪਹਿਲਗਾਮ ’ਚ ਹਿੰਦੂ ਸੈਲਾਨੀਆਂ ਦੇ ਕਤਲੇਆਮ ਤੋਂ ਬਾਅਦ ਅਫ਼ਗਾਨਿਸਤਾਨ ਦਾ ਟ੍ਰੋਡ ਵੀ ਬੰਦ ਹੋ ਗਿਆ ਅਤੇ ‘ਆਪ੍ਰੇਸ਼ਨ ਸਿੰਧੂਰ’ ਸ਼ੁਰੂ ਹੋ ਗਿਆ, ਜਿਸ ਕਾਰਨ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਟਰੱਕਾਂ ਨੂੰ ਰਸਤਾ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਨਾਲ਼ ਥੋੜ੍ਹਾ-ਬਹੁਤ ਇੰਪੋਰਟ ਜੋ ਹੋ ਰਿਹਾ ਸੀ ਅਤੇ ਥੋੜ੍ਹਾ ਰੋਜ਼ਗਾਰ ਜੋ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਮਿਲ ਰਿਹਾ ਸੀ, ਉਹ ਵੀ ਬੰਦ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ, ਡਿਊਟੀ ਤੋਂ ਪਰਤਦੇ ਸਮੇਂ...
ਸਾਲ 2017 ਤੋਂ ਲੈ ਕੇ 2024 ਤੱਕ ਦੇ ਅੰਕੜੇ:
| ਸਾਲ | ਕੁੱਲ ਕਾਰੋਬਾਰ | ਟਰੱਕਾਂ ਦੀ ਆਵਾਜਾਈ |
| 2017-18 | 4148 ਕਰੋੜ | 48193 |
| 2018-19 | 4370 ਕਰੋੜ | 49102 |
| 2019-20 | 2772 ਕਰੋੜ | 6655 |
| 2020-21 | 2639 ਕਰੋੜ | 5250 |
|
2021-22 2022-23 2023-24 |
3002 ਕਰੋੜ 2257 ਕਰੋੜ 3886 ਕਰੋੜ |
4812 3827 6871 |
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
