ਲਾਓਸ ''ਚ ਚੀਨ ਦਾ ਵਧਦਾ ਦਬਦਬਾ ! ਨਵੀਂ ਰੇਲਵੇ ਲਾਈਨ ਨੇ ਵਧਾਈਆਂ ਆਰਥਿਕ ਚਿੰਤਾਵਾਂ
Monday, Aug 03, 2026 - 02:15 PM (IST)
ਇੰਟਰਨੈਸ਼ਨਲ ਡੈਸਕ : ਲਾਓਸ 'ਚ ਚੀਨ ਦੁਆਰਾ ਬਣਾਈ ਗਈ ਨਵੀਂ ਰੇਲਵੇ ਲਾਈਨ ਨੇ ਦੇਸ਼ ਦੇ ਮੁਹਾਂਦਰੇ ਨੂੰ ਬਦਲ ਕੇ ਰੱਖ ਦਿੱਤਾ ਹੈ ਪਰ ਇਸ ਦੇ ਨਾਲ ਹੀ ਦੇਸ਼ ਦੇ ਸਿਰ ਚੜ੍ਹੇ ਕਰਜ਼ੇ ਅਤੇ ਚੀਨ ਦੇ ਵਧਦੇ ਪ੍ਰਭਾਵ ਨੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ।
ਲੁਆਂਗ ਪ੍ਰਬਾਂਗ ਵਰਗੇ ਇਤਿਹਾਸਕ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ 'ਤੇ ਹੁਣ ਲਾਓ ਭਾਸ਼ਾ ਨਾਲੋਂ ਚੀਨੀ ਭਾਸ਼ਾ ਦੇ ਸਾਈਨ ਬੋਰਡ ਜ਼ਿਆਦਾ ਪ੍ਰਮੁੱਖਤਾ ਨਾਲ ਨਜ਼ਰ ਆਉਂਦੇ ਹਨ। ਸਟੇਸ਼ਨਾਂ ਅੰਦਰ ਘੋਸ਼ਣਾਵਾਂ ਚੀਨੀ ਵਿੱਚ ਹੋ ਰਹੀਆਂ ਹਨ ਤੇ ਜ਼ਿਆਦਾਤਰ ਸਟਾਫ ਵੀ ਚੀਨੀ ਹੀ ਹੈ। ਇੱਥੋਂ ਤੱਕ ਕਿ ਸਟੇਸ਼ਨਾਂ ਦੇ ਆਲੇ-ਦੁਆਲੇ ਦੇ ਵਪਾਰਕ ਖੇਤਰਾਂ 'ਚ ਵੀ ਚੀਨੀ ਅੱਖਰਾਂ ਵਾਲੇ ਬੋਰਡਾਂ ਦੀ ਭਰਮਾਰ ਹੈ, ਜਿਸ ਕਾਰਨ ਇਹ ਇਲਾਕੇ ਲਾਓਸ ਦੀ ਬਜਾਏ ਚੀਨ ਦੇ ਸਰਹੱਦੀ ਕਸਬੇ ਜਾਪਦੇ ਹਨ।
ਇਸ 1,035 ਕਿਲੋਮੀਟਰ ਲੰਬੇ ਰੇਲਵੇ ਪ੍ਰੋਜੈਕਟ ਦੀ ਕੁੱਲ ਲਾਗਤ 6 ਬਿਲੀਅਨ ਡਾਲਰ ਹੈ, ਜੋ ਕਿ ਲਾਓਸ ਦੀ ਕੁੱਲ ਜੀਡੀਪੀ (GDP) ਦਾ ਲਗਭਗ 35% ਬਣਦੀ ਹੈ। ਇਸ ਪ੍ਰੋਜੈਕਟ ਦਾ 70% ਖਰਚਾ ਚੀਨ ਨੇ ਚੁੱਕਿਆ ਹੈ, ਪਰ ਲਾਓਸ ਦੇ ਹਿੱਸੇ ਦਾ 70% ਫੰਡ ਵੀ ਚੀਨ ਤੋਂ ਲਏ ਗਏ ਕਰਜ਼ੇ ਰਾਹੀਂ ਹੀ ਪੂਰਾ ਕੀਤਾ ਗਿਆ ਹੈ। ਲਾਓਸ ਦੇ ਕੁੱਲ 13.8 ਬਿਲੀਅਨ ਡਾਲਰ ਦੇ ਵਿਦੇਸ਼ੀ ਕਰਜ਼ੇ ਵਿੱਚੋਂ 76% ਹਿੱਸਾ ਇਕੱਲੇ ਚੀਨ ਦਾ ਹੈ। ਸਾਲ 2026 ਦੀ ਸ਼ੁਰੂਆਤ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ ਨੇ ਲਾਓਸ ਨੂੰ "ਕਰਜ਼ੇ ਦੇ ਸੰਕਟ" ਵਾਲੇ ਦੇਸ਼ ਵਜੋਂ ਸ਼੍ਰੇਣੀਬੱਧ ਕੀਤਾ ਹੈ। ਮਾਹਰਾਂ ਨੂੰ ਡਰ ਹੈ ਕਿ ਲਾਓਸ ਵੀ ਪਾਕਿਸਤਾਨ ਅਤੇ ਸ੍ਰੀਲੰਕਾ ਵਾਂਗ ਚੀਨ ਦੇ 'ਕਰਜ਼ਾ ਜਾਲ' ਵਿੱਚ ਫਸ ਸਕਦਾ ਹੈ।
ਚੀਨ ਇਸ ਰੇਲਵੇ ਰਾਹੀਂ ਹਿੰਦ ਮਹਾਸਾਗਰ ਅਤੇ ਮਲੱਕਾ ਜਲਡਮਰੂ ਮੱਧ ਤੱਕ ਆਪਣੀ ਪਹੁੰਚ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਇਸ ਰੇਲਵੇ ਨੇ ਵੀਏਨਟਿਏਨ ਅਤੇ ਲੁਆਂਗ ਪ੍ਰਬਾਂਗ ਵਿਚਕਾਰ ਸਫਰ ਦੇ ਸਮੇਂ ਨੂੰ 8 ਘੰਟਿਆਂ ਤੋਂ ਘਟਾ ਕੇ ਸਿਰਫ 2 ਘੰਟੇ ਕਰ ਦਿੱਤਾ ਹੈ, ਪਰ ਸਥਾਨਕ ਲੋਕ ਇਸ ਤਬਦੀਲੀ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਉਮੀਦ ਕੁਝ ਲੋਕ ਜਿੱਥੇ ਬਿਹਤਰ ਬੁਨਿਆਦੀ ਢਾਂਚੇ ਅਤੇ ਸਫਰ ਵਿੱਚ ਬਚਤ ਲਈ ਖੁਸ਼ ਹਨ, ਉੱਥੇ ਹੀ ਬਹੁਤ ਸਾਰੇ ਲਾਓਸ ਵਾਸੀਆਂ ਨੂੰ ਡਰ ਹੈ ਕਿ ਚੀਨ ਹੌਲੀ-ਹੌਲੀ ਉਨ੍ਹਾਂ ਦੇ ਪੂਰੇ ਦੇਸ਼ 'ਤੇ ਕਬਜ਼ਾ ਕਰ ਰਿਹਾ ਹੈ। ਸਥਾਨਕ ਨੌਜਵਾਨਾਂ ਦਾ ਕਹਿਣਾ ਹੈ ਕਿ ਇੱਥੇ ਰੁਜ਼ਗਾਰ ਦੇ ਮੌਕੇ ਨਹੀਂ ਹਨ, ਜਿਸ ਕਾਰਨ ਉਹ ਕੰਮ ਦੀ ਭਾਲ ਵਿੱਚ ਗੁਆਂਢੀ ਦੇਸ਼ ਥਾਈਲੈਂਡ ਜਾਣ ਲਈ ਮਜਬੂਰ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
