ਹੜ੍ਹ ''ਚ ਫਸੇ ਸੁਸ਼ੀਲ ਮੋਦੀ ਤੇ ਉਨ੍ਹਾਂ ਦਾ ਪਰਿਵਾਰ, 3 ਦਿਨ ਬਾਅਦ ਕੀਤਾ ਰੈਸਕਿਊ

09/30/2019 3:28:28 PM

ਪਟਨਾ— ਬਿਹਾਰ 'ਚ ਭਾਰੀ ਬਾਰਸ਼ ਅਤੇ ਹੜ੍ਹ ਦਾ ਕਹਿਰ ਜਾਰੀ ਹੈ, ਜਿਸ 'ਚ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਸ ਦਰਮਿਆਨ ਰਾਜ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੀ ਆਪਣੇ ਪਰਿਵਾਰ ਨਾਲ ਸੈਲਾਬ 'ਚ ਫਸੇ ਰਹੇ। ਪਟਨਾ ਦੇ ਰਾਜੇਂਦਰ ਨਗਰ 'ਚ ਸਥਿਤ ਆਪਣੇ ਘਰ 'ਚ ਪਰਿਵਾਰ ਨਾਲ ਤਿੰਨ ਦਿਨਾਂ ਤੋਂ ਫਸੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਰਾਸ਼ਟਰੀ ਆਫ਼ਤ ਰਾਹਤ ਫੋਰਸ (ਐੱਨ.ਡੀ.ਆਰ.ਐੱਫ.) ਦੀ ਟੀਮ ਨੇ ਰੈਸਕਿਊ ਕੀਤਾ। ਦੱਸਿਆ ਜਾ ਰਿਹਾ ਹੈ ਕਿ ਹੜ੍ਹ ਦਰਮਿਆਨ ਘਰ 'ਚ ਫਸੇ ਉੱਪ ਮੁੱਖ ਮੰਤਰੀ ਦੇ ਪਰਿਵਾਰ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਨ੍ਹਾਂ ਦੇ ਘਰ ਨਾ ਪਾਣੀ ਸੀ ਅਤੇ ਨਾ ਬਿਜਲੀ। ਹੁਣ ਉੱਪ ਮੁੱਖ ਮੰਤਰੀ ਤਾਂ ਬਚ ਗਏ ਪਰ ਪਟਨਾ 'ਚ ਹਰ ਕੋਈ ਇੰਨਾ ਕਿਸਮਤ ਵਾਲਾ ਨਹੀਂ ਕਿ ਸਰਕਾਰ ਉਨ੍ਹਾਂ ਨੂੰ ਬਚਾਉਣ ਆਏ। ਦੱਸਿਆ ਜਾ ਰਿਹਾ ਹੈ ਕਿ ਇਸ ਦਰਮਿਆਨ ਉਸੇ ਇਲਾਕੇ 'ਚ ਆਪਣੇ ਘਰ 'ਚ ਫਸੀ ਲੋਕ ਗਾਇਕਾ ਸ਼ਾਰਦਾ ਸਿਨਹਾ ਨੇ ਵੀ ਮਦਦ ਦੀ ਗੁਹਾਰ ਲਗਾਈ।

 

ਬਿਹਾਰ ਦੀ ਰਾਜਧਾਨੀ ਪਟਨਾ ਸਮੇਤ ਰਾਜ ਦੇ ਜ਼ਿਆਦਾਤਰ ਇਲਾਕਿਆਂ 'ਚ ਹੜ੍ਹ ਦਾ ਕਹਿਰ ਜਾਰੀ ਹੈ। ਕਈ ਇਲਾਕੇ ਪਾਣੀ 'ਚ ਡੁਬੇ ਹੋਏ ਹਨ। ਬਾਰਸ਼ ਕਾਰ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ। ਲੋਕ ਆਪਣੇ ਘਰ 'ਚ ਕੈਦ ਹਨ। ਚਾਰੇ ਪਾਸੇ ਪਾਣੀ ਹੀ ਪਾਣੀ ਨਾਲ ਲੋਕ ਕਾਫ਼ੀ ਪਰੇਸ਼ਾਨ ਹਨ। ਬਾਰਸ਼ ਅਤੇ ਹੜ੍ਹ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੈ, ਅਜਿਹੇ 'ਚ ਖਾਣੇ ਨੂੰ ਲੈ ਕੇ ਵੀ ਲੋਕ ਪਰੇਸ਼ਾਨ ਹਨ।

ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਤੋਂ ਇਲਾਵਾ 2 ਸਾਬਕਾ ਮੁੱਖ ਮੰਤਰੀ ਸਤੇਂਦਰ ਨਾਰਾਇਣ ਸਿੰਘ ਅਤੇ ਜੀਤਨ ਰਾਮ ਮਾਂਝੀ ਦੇ ਘਰਾਂ 'ਚ ਵੀ ਪਾਣੀ ਆ ਗਿਆ ਹੈ। ਪਟਨਾ 'ਚ ਬੋਰਿੰਗ ਰੋਡ ਸਥਿਤ ਸਾਬਕਾ ਮੁੱਖ ਮੰਤਰੀ ਸਤੇਂਦਰ ਨਾਰਾਇਣ ਸਿੰਘ, ਭਾਜਪਾ ਦੇ ਸੰਸਦ ਮੈਂਬਰ ਰਾਜੀਵ ਪ੍ਰਤਾਪ ਰੂਡੀ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਦੇ ਘਰ 'ਚ ਵੀ ਪਾਣੀ ਆ ਗਿਆ ਹੈ।


DIsha

Content Editor

Related News