ਬਿਹਾਰ 'ਚ ਦੂਜੇ ਪੜਾਅ ਦੀਆਂ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, CM ਨਿਤੀਸ਼ ਨੇ ਪਾਈ ਵੋਟ
Tuesday, Nov 03, 2020 - 03:44 PM (IST)
ਪਟਨਾ- ਬਿਹਾਰ ਵਿਧਾਨ ਸਭਾ ਚੋਣ ਦੇ ਦੂਜੇ ਪੜਾਅ ਦੀ ਵੋਟਿੰਗ ਜਾਰੀ ਹੈ। ਦੂਜੇ ਪੜਾਅ 'ਚ 17 ਜ਼ਿਲ੍ਹਿਆਂ ਦੀ 94 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਵੋਟ ਪਾਈ। ਸਵੇਰੇ 7 ਵਜੇ ਤੋਂ ਹੁਣ ਤੱਕ 44.51 ਫੀਸਦੀ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਚੁਕੇ ਹਨ। ਇਨ੍ਹਾਂ 'ਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਗੋਪਾਲਗੰਜ, ਸੀਵਾਨ, ਸਾਰਣ, ਮੁਜ਼ੱਫਰਪੁਰ, ਸੀਤਾਮੜ੍ਹੀ, ਸ਼ਿਵਹਰ, ਮਧੁਬਨੀ, ਦਰਭੰਗਾ, ਸਮਸਤੀਪੁਰ, ਵੈਸ਼ਾਲੀ, ਬੈਗੂਸਰਾਏ, ਖਗੜੀਆ, ਭਾਗਲਪੁਰ, ਨਾਲੰਦਾ ਅਤੇ ਪਟਨਾ ਜ਼ਿਲ੍ਹੇ ਦੀਆਂ ਵਿਧਾਨ ਸਭਾ ਸੀਟਾਂ ਸ਼ਾਮਲ ਹਨ।
ਉੱਥੇ ਹੀ ਦੂਜੇ ਪੜਾਅ 'ਚ 1463 ਉਮੀਦਵਾਰਾਂ 'ਚ 1316 ਪੁਰਸ਼ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਨਾਲ ਹੀ 146 ਉਮੀਦਵਾਰ ਬੀਬੀਆਂ ਚੋਣ ਮੈਦਾਨ 'ਚ ਹੈ। ਇਸ ਦੇ ਦੂਜੇ ਪੜਾਅ ਦੀ ਚੋਣ ਨੂੰ ਲੈ ਕੇ ਸੰਬੰਧਤ ਜ਼ਿਲ੍ਹਿਆਂ 'ਚ 41 ਹਜ਼ਾਰ 362 ਵੋਟਿੰਗ ਕੇਂਦਰ ਬਣਾਏ ਗਏ ਹਨ। ਇਸ ਪੜਾਅ 'ਚ 2 ਕਰੋੜ 86 ਲੱਖ 11 ਹਜ਼ਾਰ 164 ਵੋਟਰ ਵੋਟ ਦੇਣਗੇ। ਇਨ੍ਹਾਂ 'ਚ ਇਕ ਕਰੋੜ 50 ਲੱਖ 33 ਹਜ਼ਾਰ 34 ਪੁਰਸ਼, ਇਕ ਕਰੋੜ 35 ਲੱਖ 16 ਹਜ਼ਾਰ 271 ਬੀਬੀਆਂ ਅਤੇ ਥਰਡ ਜੈਂਡਰ ਦੇ 980 ਵੋਟਰ ਸ਼ਾਮਲ ਹਨ।
ਦੂਜੇ ਪੜਾਅ 'ਚ ਐੱਨ.ਡੀ.ਏ. ਅਤੇ ਮਹਾਗਠਜੋੜ ਦਰਮਿਆਨ ਆਰ-ਪਾਰ ਦਾ ਮੁਕਾਬਲਾ ਹੋਣ ਵਾਲਾ ਹੈ। ਮਹਾਗਠਜੋੜ 'ਚ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਤੇਜਸਵੀ ਯਾਦਵ ਅਤੇ ਉਨ੍ਹਾਂ ਦੇ ਭਰਾ ਤੇਜਪ੍ਰਤਾਪ ਯਾਦਵ ਸਮੇਤ ਰਾਜਦ ਦੇ 27 ਵਿਧਾਇਕਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਉੱਥੇ ਹੀ ਐੱਨ.ਡੀ.ਏ. 'ਚ ਸਰਕਾਰ ਦੇ ਅੱਧਾ ਦਰਜਨ ਮੰਤਰੀਆਂ ਸਮੇਤ ਕਈ ਮੁੱਖ ਉਮੀਦਵਾਰਾਂ ਦਾ ਵੀ ਸਿਆਸੀ ਭਵਿੱਖ ਤੈਅ ਹੋਣ ਵਾਲਾ ਹੈ।