ਕਾਸ਼ੀ, ਮਥੁਰਾ ਤੇ ਸੰਭਲ ਵਿਵਾਦ ; ਹਿੰਦੂ-ਮੁਸਲਿਮ ਧਿਰਾਂ ਨੇ ਸੁਪਰੀਮ ਕੋਰਟ ਦੀ ਵਿਚੋਲਗੀ ਦੀ ਪੇਸ਼ਕਸ਼ ਨੂੰ ਠੁਕਰਾਇਆ
Tuesday, Jul 14, 2026 - 09:33 AM (IST)
ਨਵੀਂ ਦਿੱਲੀ- ਹਿੰਦੂ ਤੇ ਮੁਸਲਿਮ ਧਿਰਾਂ ਨੇ ਉੱਤਰ ਪ੍ਰਦੇਸ਼ ’ਚ ਮੰਦਰ-ਮਸਜਿਦ ਨਾਲ ਸਬੰਧਤ 3 ਵਿਵਾਦਾਂ ਬਾਰੇ ਸੁਪਰੀਮ ਕੋਰਟ ਦੀ ਵਿਚੋਲਗੀ ਦੀ ਪੇਸ਼ਕਸ਼ ਨੂੰ ਸੋਮਵਾਰ ਠੁਕਰਾ ਦਿੱਤਾ। ਇਹ ਵਿਵਾਦ ਵਾਰਾਣਸੀ (ਕਾਸ਼ੀ) ਦੀ ਗਿਆਨਵਾਪੀ ਮਸਜਿਦ, ਮਥੁਰਾ ਦੀ ਸ਼੍ਰੀ ਕ੍ਰਿਸ਼ਨ ਜਨਮ ਭੂਮੀ-ਸ਼ਾਹੀ ਈਦਗਾਹ ਤੇ ਸੰਭਲ ਦੀ ਸ਼ਾਹੀ ਜਾਮਾ ਮਸਜਿਦ ਨਾਲ ਸਬੰਧਤ ਹੈ।
ਬਾਰ ਐਂਡ ਬੈਂਚ ਅਨੁਸਾਰ ਸੁਪਰੀਮ ਕੋਰਟ ਨੇ ‘ਸਮਾਧਾਨ ਸਮਾਰੋਹ 2026’ ਦੀ ਪਹਿਲਕਦਮੀ ਅਧੀਨ ਇਨ੍ਹਾਂ ਮਾਮਲਿਆਂ ਦੇ ਸ਼ਾਂਤੀਪੂਰਨ ਹੱਲ ਲਈ ਦੋਵਾਂ ਧਿਰਾਂ ਕੋਲੋਂ ਵਿਚੋਲਗੀ ਤੇ ਸਹਿਮਤੀ ਮੰਗਣ ਵਾਲਾ ਇਕ ਪੱਤਰ ਭੇਜਿਆ ਸੀ। ਕੋਈ ਵੀ ਧਿਰ ਇਸ ਪ੍ਰਸਤਾਵ ਨਾਲ ਸਹਿਮਤ ਨਹੀਂ ਹੋਈ। ਪੱਤਰ ਭੇਜਣ ਦੀ ਅਦਾਲਤ ਦੀ ਮਿਤੀ ਦਾ ਪਤਾ ਨਹੀਂ ਹੈ।
ਦੋਵਾਂ ਧਿਰਾਂ ਨੇ ਕਿਹਾ ਹੈ ਕਿ ਅਸੀਂ ਕੇਸ ਲੜ ਕੇ ਫੈਸਲਾ ਚਾਹੁੰਦੇ ਹਾਂ। ‘ਸਮਾਧਾਨ ਸਮਾਰੋਹ’ ਦੇ ਹਿੱਸੇ ਵਜੋਂ 21 ਤੋਂ 23 ਅਗਸਤ ਤੱਕ ਸੁਪਰੀਮ ਕੋਰਟ ਦੇ ਕੰਪਲੈਕਸ ’ਚ ਇਕ ਵਿਸ਼ੇਸ਼ ਲੋਕ ਅਦਾਲਤ ਦਾ ਆਯੋਜਨ ਕੀਤਾ ਜਾਵੇਗਾ। ਇਸ ਦਾ ਮੰਤਵ ਲੰਬੀ ਕਾਨੂੰਨੀ ਲੜਾਈ ਦੀ ਬਜਾਏ ਗੱਲਬਾਤ ਰਾਹੀਂ ਵਿਵਾਦ ਨੂੰ ਹੱਲ ਕਰਨਾ ਹੈ।
