ਬਿਜਲੀ ਦੇ ਖੰਭੇ ਨਾਲ ਟਕਰਾਈ ਕਿਸ਼ਤੀ, 16 ਲੋਕ ਪਾਣੀ ''ਚ ਡੁੱਬੇ

Friday, Sep 20, 2024 - 10:47 AM (IST)

ਬਿਜਲੀ ਦੇ ਖੰਭੇ ਨਾਲ ਟਕਰਾਈ ਕਿਸ਼ਤੀ, 16 ਲੋਕ ਪਾਣੀ ''ਚ ਡੁੱਬੇ

ਛਪਰਾ- ਬਿਹਾਰ ਦੇ ਸਾਰਣ ਜ਼ਿਲ੍ਹੇ ਵਿਚ ਦੁਖ਼ਦ ਘਟਨਾ ਵਾਪਰੀ, ਜਿੱਥੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 16 ਲੋਕਾਂ ਨੂੰ ਬਚਾਅ ਰਹੀ ਇਕ ਕਿਸ਼ਤੀ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ ਕਈ ਲੋਕ ਕਿਸ਼ਤੀ ਤੋਂ ਹੇਠਾਂ ਡਿੱਗ ਗਏ। ਇਹ ਘਟਨਾ ਵੀਰਵਾਰ ਸ਼ਾਮ ਸੋਨਪੁਰ ਥਾਣਾ ਖੇਤਰ ਦੇ ਜੈਤੀਆ ਪਾਵਰ ਹਾਊਸ ਕੋਲ ਵਾਪਰੀ। ਸਾਰਣ ਪੁਲਸ ਮੁਤਾਬਕ ਕਿਸ਼ਤੀ ਹੜ੍ਹ ਦੇ ਪਾਣੀ 'ਚੋਂ ਲੰਘ ਰਹੀ ਸੀ, ਤਾਂ ਉਹ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਜਿਸ ਤੋਂ ਬਿਜਲੀ ਦਾ ਝਟਕਾ ਲੱਗਾ ਅਤੇ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਉਸ ਸਮੇਂ ਕਿਸ਼ਤੀ ਵਿਚ ਚਾਲਕ ਸਮੇਤ 16 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਗੋਤਾਖੋਰ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੀ ਟੀਮ ਮੌਕੇ 'ਤੇ ਪਹੁੰਚ ਗਈ। 

ਸੋਨਪੁਰ ਥਾਣਾ ਮੁਖੀ ਰਾਜਨੰਦਨ ਨੇ ਵੇਰਵਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵੀਰਵਾਰ ਸ਼ਾਮ ਕਰੀਬ 6:30 ਵਜੇ ਸੋਨਪੁਰ ਥਾਣੇ ਅਧੀਨ ਪੈਂਦੇ ਜੈਤੀਆ ਪਾਵਰ ਹਾਊਸ ਨੇੜੇ ਹੜ੍ਹ ਦੇ ਪਾਣੀ 'ਚ ਇਕ ਕਿਸ਼ਤੀ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਜਿਸ ਕਾਰਨ ਚਾਲਕ ਸਮੇਤ ਕੁੱਲ 16 ਲੋਕ ਪਾਣੀ ਵਿਚ ਡਿੱਗ ਗਏ। 16 ਲੋਕਾਂ ਵਿਚੋਂ 10 ਨੂੰ ਸਥਾਨਕ ਗੋਤਾਖੋਰਾਂ ਅਤੇ SDRF ਟੀਮ ਨੇ ਸੁਰੱਖਿਅਤ ਬਚਾ ਲਿਆ। ਦੋ ਵਿਅਕਤੀ ਭੂਸ਼ਣ ਰਾਏ ਅਤੇ ਕਾਮੇਸ਼ਵਰ ਰਾਏ, ਬਿਜਲੀ ਦੇ ਝਟਕੇ ਕਾਰਨ ਝੁਲਸ ਗਏ। ਜਿਨ੍ਹਾਂ ਦਾ ਸਥਾਨਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 4 ਲੋਕ ਜਿਨ੍ਹਾਂ ਦੀ ਪਛਾਣ ਮੁਕੇਸ਼ ਕੁਮਾਰ, ਮ੍ਰਿਤੁੰਜੇ ਕੁਮਾਰ, ਨਗੇਂਦਰ ਰਾਏ ਅਤੇ ਭੀਸ਼ਮ ਕੁਮਾਰ ਵਜੋਂ ਹੋਈ ਹੈ, ਅਜੇ ਵੀ ਲਾਪਤਾ ਹਨ। ਸਥਾਨਕ ਗੋਤਾਖੋਰਾਂ ਅਤੇ SDRF ਟੀਮਾਂ ਦੀ ਮਦਦ ਨਾਲ ਉਨ੍ਹਾਂ ਦੀ ਤਲਾਸ਼ੀ ਮੁਹਿੰਮ ਜਾਰੀ ਹੈ।

ਸਾਰਣ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਫੋਰਸ ਤਾਇਨਾਤ ਕੀਤੀ ਹੈ। ਸੀਨੀਅਰ ਪੁਲਸ ਅਧਿਕਾਰੀ ਫ਼ਿਲਹਾਲ ਘਟਨਾ ਵਾਲੀ ਥਾਂ 'ਤੇ ਮੌਜੂਦ ਹਨ ਅਤੇ ਬਚਾਅ ਤੇ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਪੁਲਸ ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਸਥਾਨਕ ਗੋਤਾਖੋਰਾਂ ਅਤੇ SDRF ਟੀਮ ਦੀ ਮਦਦ ਨਾਲ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।


author

Tanu

Content Editor

Related News