ਸਿਰਫਿਰੇ ਆਸ਼ਕ ਨੇ ਦਿਨ-ਦਿਹਾੜੇ ਚਾੜ੍ਹ''ਤਾ ਚੰਨ ! ਪੜ੍ਹ ਕੇ ਆਉਂਦੀ ਕੁੜੀ ''ਤੇ ਤਾੜ-ਤਾੜ ਚਲਾ''ਤੀਆਂ ਗੋਲ਼ੀਆਂ

Tuesday, Nov 04, 2025 - 04:34 PM (IST)

ਸਿਰਫਿਰੇ ਆਸ਼ਕ ਨੇ ਦਿਨ-ਦਿਹਾੜੇ ਚਾੜ੍ਹ''ਤਾ ਚੰਨ ! ਪੜ੍ਹ ਕੇ ਆਉਂਦੀ ਕੁੜੀ ''ਤੇ ਤਾੜ-ਤਾੜ ਚਲਾ''ਤੀਆਂ ਗੋਲ਼ੀਆਂ

ਫਰੀਦਾਬਾਦ- ਹਰਿਆਣਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਫਰੀਦਾਬਾਦ ਵਿਖੇ ਇਕ ਮਨਚਲੇ ਨੌਜਵਾਨ ਨੇ 17 ਸਾਲਾ ਕੁੜੀ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਦਿੱਤੀਆਂ, ਜੋ ਕਿ ਉਸ ਦੇ ਮੋਢੇ ਤੇ ਪੇਟ 'ਚ ਵੱਜੀਆਂ। ਪੁਲਸ ਫਿਲਹਾਲ ਉਕਤ ਮੁਲਜ਼ਮ ਦੀ ਭਾਲ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਕਨਿਸ਼ਕਾ, ਜੋ ਕਿ JEE ਦੀ ਤਿਆਰੀ ਕਰ ਰਹੀ ਹੈ, ਨੂੰ ਸੋਮਵਾਰ ਸ਼ਾਮ ਨੂੰ ਫਰੀਦਾਬਾਦ ਦੀ ਸ਼ਿਆਮ ਕਲੋਨੀ ਵਿੱਚ ਇੱਕ ਕਥਿਤ ਸਟਾਕਰ ਨੇ ਉਸ ਸਮੇਂ ਦੋ ਵਾਰ ਗੋਲੀ ਮਾਰੀ ਜਦੋਂ ਉਹ ਲਾਇਬ੍ਰੇਰੀ ਤੋਂ ਘਰ ਜਾ ਰਹੀ ਸੀ। ਉਹ ਭਗਤ ਸਿੰਘ ਕਲੋਨੀ ਦੀ ਵਸਨੀਕ ਹੈ ਅਤੇ ਓਪਨ ਐਜੂਕੇਸ਼ਨ ਬੋਰਡ ਦੀ 12ਵੀਂ ਜਮਾਤ ਦੀ ਸਾਇੰਸ ਦੀ ਵਿਦਿਆਰਥਣ ਹੈ। ਉਸ ਨੂੰ ਇੱਕ ਗੋਲੀ ਮੋਢੇ 'ਤੇ ਲੱਗੀ, ਜਦੋਂ ਕਿ ਦੂਜੀ ਗੋਲ਼ੀ ਉਸ ਦੇ ਪੇਟ ਨੂੰ ਛੂਹ ਕੇ ਲੰਘ ਗਈ।

ਫਰੀਦਾਬਾਦ ਦੇ ਸੈਕਟਰ 8 ਸਥਿਤ ਇਕ ਹਸਪਤਾਲ ਵਿੱਚ ਕਨਿਸ਼ਕਾ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਜਦਕਿ ਹਮਲਾਵਰ ਦੀ ਪਛਾਣ 20 ਸਾਲਾ ਜਤਿਨ ਮੰਗਲਾ ਵਜੋਂ ਹੋਈ ਹੈ, ਜੋ ਗੁਰੂਗ੍ਰਾਮ ਦੇ ਸੋਹਣਾ ਨੇੜੇ ਸਰਮਥਲਾ ਪਿੰਡ ਦਾ ਰਹਿਣ ਵਾਲਾ ਹੈ।

ਇਹ ਵੀ ਪੜ੍ਹੋ- ਕਾਨਪੁਰ ; 10 ਸਾਲ ਨੌਕਰੀ ਕਰ ਛਾਪ'ਤਾ 100 ਕਰੋੜ ! ਹੁਣ DSP ਸਾਬ੍ਹ ਖ਼ਿਲਾਫ਼ ਹੋ ਗਈ ਵੱਡੀ ਕਾਰਵਾਈ

ਜਾਣਕਾਰੀ ਦਿੰਦੇ ਹੋਏ ਵੱਸਭਗੜ੍ਹ ਸਿਟੀ ਪੁਲਸ ਸਟੇਸ਼ਨ ਦੇ ਐੱਸ.ਐੱਚ.ਓ., ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਜਤਿਨ ਮੰਗਲਾ ਨੇੜਲੇ ਇੱਕ ਪ੍ਰਾਈਵੇਟ ਕਾਲਜ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਦਾ ਹੈ, ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਕਨਿਸ਼ਕਾ ਨੂੰ ਤੰਗ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਲਗਭਗ ਛੇ ਮਹੀਨੇ ਪਹਿਲਾਂ ਜਦੋਂ ਕਨਿਸ਼ਕਾ ਇੱਕ ਸਾਲ ਤੋਂ 'ਕਲਾਸਮੇਟ ਲਾਇਬ੍ਰੇਰੀ' ਵਿੱਚ ਜਾਂਦੀ ਸੀ ਤਾਂ ਮੁਲਜ਼ਮ ਜਤਿਨ ਮੰਗਲਾ ਨੇ ਵੀ ਉੱਥੇ ਦਾਖਲਾ ਲੈ ਲਿਆ।

ਇਸ ਮਗਰੋਂ ਮੰਗਲਾ ਕਨਿਸ਼ਕਾ ਦਾ ਪਿੱਛਾ ਕਰਨ ਲੱਗਾ ਤੇ ਉਸ ਨੂੰ ਇਕੱਲਾ ਨਹੀਂ ਛੱਡਦਾ ਸੀ। ਇਸ ਕਾਰਨ, ਦਾਖਲੇ ਦੇ 15 ਦਿਨਾਂ ਦੇ ਅੰਦਰ ਹੀ ਮੰਗਲਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਅਤੇ ਨਾਲ ਹੀ ਕਨਿਸ਼ਕਾ ਦੀ ਵੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ।

ਲਗਭਗ ਪੰਜ ਮਹੀਨੇ ਪਹਿਲਾਂ ਕਨਿਸ਼ਕਾ ਨੇ ਦੁਬਾਰਾ ਲਾਇਬ੍ਰੇਰੀ ਵਿੱਚ ਦਾਖਲਾ ਲਿਆ ਪਰ ਮੁਲਜ਼ਮ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਨਕਾਰ ਕੀਤੇ ਜਾਣ ਦੇ ਬਾਵਜੂਦ ਉਹ ਲੜਕੀ ਦਾ ਪਿੱਛਾ ਕਰਦਾ ਰਿਹਾ, ਜਿਸ ਦੌਰਾਨ ਅੱਜ ਉਸ ਨੇ ਕਨਿਸ਼ਕਾ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੰਗਲਾ ਕਨਿਸ਼ਕਾ ਦਾ ਗਲੀ ਵਿੱਚ ਇੰਤਜ਼ਾਰ ਕਰਦਾ ਅਤੇ ਉਸ ਦੇ ਆਉਣ 'ਤੇ ਨੇੜਿਓਂ ਗੋਲੀਆਂ ਚਲਾ ਦਿੰਦਾ ਹੈ।


author

Harpreet SIngh

Content Editor

Related News