ਮੁੰਬਈ ''ਚ ਮਸਜਿਦਾਂ ਦਾ ਵੱਡਾ ਫ਼ੈਸਲਾ- ਲਾਊਡ ਸਪੀਕਰ ''ਤੇ ਨਹੀਂ ਹੋਵੇਗੀ ਸਵੇਰ ਦੀ ਅਜ਼ਾਨ
Thursday, May 05, 2022 - 11:42 AM (IST)
ਮੁੰਬਈ- ਮਹਾਰਾਸ਼ਟਰ 'ਚ ਲਾਊਡ ਸਪੀਕਰ ਨੂੰ ਲੈ ਕੇ ਚੱਲ ਰਹੇ ਸਿਆਸੀ ਵਿਵਾਦ ਦਰਮਿਆਨ ਮੁੰਬਈ ਦੇ ਮੁਸਲਿਮ ਧਰਮ ਗੁਰੂਆਂ ਨੇ ਵੱਡਾ ਫ਼ੈਸਲਾ ਲਿਆ ਹੈ। ਫ਼ੈਸਲੇ ਅਨੁਸਾਰ ਹੁਣ ਸਵੇਰ ਦੀ ਅਜ਼ਾਨ ਬਿਨਾਂ ਲਾਊਡ ਸਪੀਕਰ ਦੇ ਕੀਤੀ ਜਾਵੇਗੀ। ਬੁੱਧਵਾਰ ਦੇਰ ਰਾਤ ਸਾਊਥ ਮੁੰਬਈ ਦੀਆਂ 26 ਮਸਜਿਦਾਂ ਦੇ ਧਰਮ ਗੁਰੂਆਂ ਦੀ ਬੈਠਕ ਹੋਈ। ਇਸ 'ਚ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਪਾਲਣ ਕਰਨ 'ਤੇ ਸਹਿਮਤੀ ਬਣੀ। ਮੁੰਬਈ ਦੇ ਮੁਸਲਿਮ ਬਹੁਲ ਇਲਾਕੇ ਮੁਹੰਮਦ ਅਲੀ ਰੋਡ, ਮਦਨਪੁਰਾ, ਨਾਗਪਾੜਾ ਸਮੇਤ 26 ਮਸਜਿਦਾਂ ਦੇ ਧਰਮਗੁਰੂਆਂ ਨੇ ਸੁੰਨੀ ਵੱਡੀ ਮਸਜਿਦ 'ਚ ਬੈਠਕ ਤੋਂ ਬਾਅਦ ਇਕਮਤ ਹੋ ਕੇ ਇਹ ਫ਼ੈਸਲਾ ਕੀਤਾ। ਉਨ੍ਹਾਂ ਨੇ ਆਪਣੇ ਫ਼ੈਸਲੇ 'ਚ ਕਿਹਾ ਕਿ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਅਜ਼ਾਨ ਦੌਰਾਨ ਲਾਊਡ ਸਪੀਕਰ ਦੀ ਵਰਤੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਦੋਂ ਤੱਕ ਮਸਜਿਦਾਂ ’ਤੇ ਵੱਜਣਗੇ ਲਾਊਡਸਪੀਕਰ, ਹਨੂੰਮਾਨ ਚਾਲੀਸਾ ਵੀ ਵੱਜਦਾ ਰਹੇਗਾ: ਰਾਜ ਠਾਕਰੇ
ਦੂਜੇ ਪਾਸੇ ਲਾਊਡ ਸਪੀਕਰ ਵਿਵਾਦ ਦਰਮਿਆਨ ਲਗਾਤਾਰ ਐੱਮ.ਐੱਨ.ਐੱਸ. ਵਰਕਰਾਂ ਨੂੰ ਫੜਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਜਾਰੀ ਕੀਤੀ ਹੈ। ਸ਼ਿਵਾਜੀ ਪਾਰਕ ਇਲਾਕੇ 'ਚ ਮਹਾਰਾਸ਼ਟਰ ਨਵ ਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਦੇ ਘਰ ਦੇ ਬਾਹਰ ਪਾਰਟੀ ਵਰਕਰਾਂ ਖ਼ਿਲਾਫ਼ ਕਾਰਵਾਈ ਦੌਰਾਨ ਇਕ ਮਹਿਲਾ ਪੁਲਸ ਕਾਂਸਟੇਬਲ ਦੇ ਮਾਮੂਲੀ ਰੂਪ ਨਾਲ ਜ਼ਖ਼ਮੀ ਹੋਣ ਦੇ ਮਾਮਲੇ 'ਚ ਪੁਲਸ ਨੇ ਬੁੱਧਵਾਰ ਨੂੰ ਮਨਸੇ ਨੇਤਾ ਸੰਦੀਪ ਦੇਸ਼ਪਾਂਡੇ ਅਤੇ ਸੰਤੋਸ਼ ਧੁਰੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਪੁਲਸ ਨੇ ਬੁੱਧਵਾਰ ਨੂੰ ਕਿਹਾ ਕਿ ਸ਼ਹਿਰ ਦੇ ਕਰੀਬ 2400 ਮੰਦਰਾਂ 'ਚੋਂ ਸਿਰਫ਼ 24 ਨੂੰ ਹੀ ਲਾਊਡ ਸਪੀਕਰ ਦੇ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ, ਜਦੋਂ ਕਿ ਕੁੱਲ 1,140 ਮਸਜਿਦਾਂ 'ਚੋਂ 950 ਮਸਜਿਦਾਂ ਨੂੰ ਅਧਿਕਾਰੀਆਂ ਨੇ ਇਸ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ