ਭੋਪਾਲ ਗੈਸ ਪੀੜਤਾਂ ਲਈ ਕੰਮ ਕਰਨ ਵਾਲੇ ਅਬਦੁੱਲ ਜੱਬਾਰ ਦਾ ਦਿਹਾਂਤ
Friday, Nov 15, 2019 - 01:59 PM (IST)
ਭੋਪਾਲ— ਵਿਸ਼ਵ ਦੀ ਭਿਆਨਕ ਉਦਯੋਗਿਕ ਤ੍ਰਾਸਦੀ 'ਭੋਪਾਲ ਗੈਸ ਕਾਂਡ' ਦੇ ਪੀੜਤਾਂ ਦੇ ਹਿੱਤਾਂ ਲਈ ਪਿਛਲੇ ਕਰੀਬ 35 ਸਾਲਾਂ ਤੋਂ ਕੰਮ ਕਰਨ ਵਾਲੇ ਮਸ਼ਹੂਰ ਸਮਾਜਿਕ ਵਰਕਰ ਅਬਦੁੱਲ ਜੱਬਾਰ ਦਾ ਵੀਰਵਾਰ ਰਾਤ ਨੂੰ ਇੱਥੇ ਇਕ ਨਿੱਜੀ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਅਬਦੁੱਲ ਦੀ ਉਮਰ 62 ਸਾਲ ਸੀ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੇ ਦਿੱਤੀ। ਉਹ ਬੀਮਾਰੀ ਕਾਰਨ ਬੀਤੇ ਕੁਝ ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ। ਉਨ੍ਹਾਂ ਦੇ ਪਰਿਵਾਰ 'ਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਅਤੇ ਭਾਜਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਸ਼ਿਵਰਾਜ ਸਿੰਘ ਚੌਹਾਨ ਨੇ ਭੋਪਾਲ ਗੈਸ ਪੀੜਤਾਂ ਲਈ ਪੂਰੀ ਉਮਰ ਸੰਘਰਸ਼ ਕਰਨ ਵਾਲੇ ਅਬਦੁੱਲ ਜੱਬਾਰ ਦੇ ਦਿਹਾਂਤ 'ਤੇ ਦੁਖ ਜ਼ਾਹਰ ਕੀਤਾ ਹੈ।
1984 ਨੂੰ ਵਾਪਰਿਆ ਸੀ ਇਹ ਹਾਦਸਾ
ਦੱਸਣਯੋਗ ਹੈ ਕਿ ਭੋਪਾਲ ਸ਼ਹਿਰ 'ਚ 3 ਦਸੰਬਰ 1984 ਨੂੰ ਇਕ ਭਿਆਨਕ ਉਦਯੋਗਿਕ ਹਾਦਸਾ ਹੋਇਆ ਸੀ। ਇਸ ਨੂੰ ਭੋਪਾਲ ਗੈਸ ਕਾਂਡ ਜਾਂ ਭੋਪਾਲ ਗੈਸ ਤ੍ਰਾਸਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਭੋਪਾਲ ਸਥਿਤ ਯੂਨੀਅਨ ਕਾਰਬਾਈਡ ਨਾਮੀ ਕੰਪਨੀ ਦੇ ਕਾਰਖਾਨੇ ਤੋਂ ਜ਼ਹਿਰੀਲੀ ਗੈਸ ਦਾ ਰਿਸਾਅ ਹੋਇਆ, ਜਿਸ ਨਾਲ ਲਗਭਗ 15 ਹਜ਼ਾਰ ਤੋਂ ਵਧ ਲੋਕਾਂ ਦੀ ਜਾਨ ਚੱਲੀ ਗਈ ਅਤੇ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਸਰੀਰਕ ਅਸਮਰੱਥਤਾ ਤੋਂ ਲੈ ਕੇ ਅੰਨ੍ਹੇਪਣ ਦੇ ਵੀ ਸ਼ਿਕਾਰ ਹੋਏ। ਭੋਪਾਲ ਗੈਸ ਕਾਂਡ 'ਚ ਮਿਥਾਈਲ ਆਈਸੋਸਾਈਨਾਈਟ ਨਾਮੀ ਜ਼ਹਿਰੀਲੀ ਗੈਸ ਦਾ ਰਿਸਾਅ ਹੋਇਆ ਸੀ, ਜਿਸ ਦੀ ਵਰਤੋਂ ਕੀਟਨਾਸ਼ਕ ਬਣਾਉਣ ਲਈ ਕੀਤੀ ਜਾਂਦੀ ਸੀ।