94 ਮੂਰਤੀਆਂ, 106 ਸਤੰਭ; ASI ਨੂੰ ਭੋਜਸ਼ਾਲਾ ਦੇ ਸਰਵੇ ''ਚ ਕੀ-ਕੀ ਮਿਲਿਆ, ਹਾਈ ਕੋਰਟ ਨੂੰ ਸੌਂਪੀ ਗਈ ਰਿਪੋਰਟ
Tuesday, Jul 16, 2024 - 10:38 AM (IST)
ਇੰਦੌਰ- ਮੱਧ ਪ੍ਰਦੇਸ਼ ਦੇ ਧਾਰ ਦੇ ਭੋਜਸ਼ਾਲਾ ਮਾਮਲੇ ਵਿਚ ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਆਪਣਾ ਸਰਵੇ ਪੂਰਾ ਕਰ ਕੇ ਆਪਣੀ 2000 ਪੰਨਿਆਂ ਦੀ ਰਿਪੋਰਟ ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੂੰ ਸੌਂਪ ਦਿੱਤੀ ਹੈ। ਹੁਣ 22 ਜੁਲਾਈ ਨੂੰ ਇਸ ਮਾਮਲੇ ’ਤੇ ਸੁਣਵਾਈ ਹੋਵੇਗੀ। ਸਭ ਤੋਂ ਵੱਡਾ ਸਵਾਲ ਇਹ ਹੈ ਕਿ 23 ਸਾਲ ਪਹਿਲਾਂ ਲਾਗੂ ਕੀਤੀ ਗਈ ਵਿਵਸਥਾ ਨੂੰ ਕੀ ਹਾਈ ਕੋਰਟ ਇਸ ਰਿਪੋਰਟ ਦੇ ਆਧਾਰ ’ਤੇ ਬਦਲ ਦੇਵੇਗਾ? ਇਸ ਰਿਪੋਰਟ ਵਿਚ ASI ਨੇ ਦਾਅਵਾ ਕੀਤਾ ਕਿ ਭੋਜਸ਼ਾਲਾ ਮੰਦਰ ਅਤੇ ਕਮਾਲ ਮੌਲਾ ਮਸਜਿਦ ਦਾ ਨਿਰਮਾਣ ਮੰਦਰਾਂ ਦੇ ਪ੍ਰਾਚੀਨ ਅਵਸ਼ੇਸ਼ਾਂ ਤੋਂ ਕੀਤਾ ਗਿਆ ਸੀ। ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਸਥਲ 'ਤੇ ਮੌਜੂਦਾ ਸਮਜਿਦ ਸਦੀਆਂ ਬਾਅਦ ਬਣੀ। ਕੰਪਲੈਕਸ ਤੋਂ ਮੂਰਤੀਆਂ, ਪ੍ਰਾਚੀਨ ਸਿੱਕੇ, ਸ਼ਿਲਾਲੇਖ ਵੀ ਮਿਲੇ।
ਸਰਵੇ 'ਚ ਕੀ-ਕੀ ਮਿਲਿਆ
ASI ਨੇ ਕਰੀਬ ਤਿੰਨ ਮਹੀਨੇ ਦੇ ਸਰਵੇ ਮਗਰੋਂ ਹਾਈ ਕੋਰਟ ਵਿਚ 150 ਪੰਨਿਆਂ ਦੀ ਰਿਪੋਰਟ ਸੌਂਪੀ। ਇਸ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ 94 ਮੂਰੀਤਾਂ, 106 ਸਤੰਭ, 31 ਪ੍ਰਾਚੀਨ ਸਿੱਕੇ, 150 ਸ਼ਿਲਾਲੇਖ ਮਿਲੇ। ਸ਼ਿਲਾਲੇਖਾਂ 'ਚ ਗਣੇਸ਼, ਬ੍ਰਹਮਾ ਅਤੇ ਉਨ੍ਹਾਂ ਦੀਆਂ ਪਤਨੀਆਂ, ਨਰਸਿੰਘ ਅਤੇ ਭੈਰਵ ਦੇ ਅਕਸ ਮੌਜੂਦ ਹਨ। ਰਿਪੋਰਟ ਵਿਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਇਹ ਦੇਵੀ ਸਰਸਵਤੀ ਨੂੰ ਸਮਰਪਿਤ ਮੰਦਰ ਹੋ ਸਕਦਾ ਹੈ, ਜਿਵੇਂ ਹਿੰਦੂ ਪੱਖ ਦਾਅਵਾ ਕਰਦੇ ਆ ਰਹੇ ਹਨ।
ਹਿੰਦੂ ਪੱਖ ਵਲੋਂ ਮੰਦਰ ਹੋਣ ਦਾ ਕੀਤਾ ਗਿਆ ਦਾਅਵਾ
ਓਧਰ ਹਿੰਦੂ ਪੱਖ ਦੇ ਵਕੀਲ ਵੱਲੋਂ ਦਾਅਵਾ ਕੀਤਾ ਗਿਆ ਕਿ ਸਰਵੇ ਦੌਰਾਨ ਕਈ ਅਜਿਹੇ ਸਬੂਤ ਮਿਲੇ ਹਨ, ਜੋ ਸਾਬਤ ਕਰਦੇ ਹਨ ਕਿ ਇੱਥੇ ਮੰਦਰ ਸੀ। ਧਾਰ ਜ਼ਿਲ੍ਹੇ ਦੇ ਇਸ 11ਵੀਂ ਸਦੀ ’ਚ ਬਣੇ ਕੰਪਲੈਕਸ ਦਾ ਵਿਵਾਦ ਨਵਾਂ ਨਹੀਂ ਹੈ। ਹਿੰਦੂ ਭਾਈਚਾਰਾ ਭੋਜਸ਼ਾਲਾ ਨੂੰ ਵਾਗਦੇਵੀ (ਦੇਵੀ ਸਰਸਵਤੀ) ਦਾ ਮੰਦਰ ਮੰਨਦਾ ਹੈ, ਜਦਕਿ ਮੁਸਲਮਾਨ ਪੱਖ ਕਮਾਲ ਮੌਲਾ ਮਸਜਿਦ ਕਹਿੰਦਾ ਹੈ।
ASI ਨੂੰ ਹਾਈ ਕੋਰਟ ਨੇ ਦਿੱਤਾ ਸੀ ਇਹ ਹੁਕਮ
ਹਿੰਦੂ ਫਰੰਟ ਆਫ ਜਸਟਿਸ ਦੀ ਪਟੀਸ਼ਨ ’ਤੇ ਹਾਈ ਕੋਰਟ ਨੇ 11 ਮਾਰਚ ਨੂੰ ASI ਨੂੰ ਹੁਕਮ ਦਿੱਤਾ ਸੀ ਕਿ ਉਹ 6 ਹਫਤਿਆਂ ’ਚ ਭੋਜਸ਼ਾਲਾ ਕੰਪਲੈਕਸ ਦਾ ਵਿਗਿਆਨਕ ਅਧਿਐਨ ਕਰ ਕੇ ਆਪਣੀ ਰਿਪੋਰਟ ਸੌਂਪੇ। ਹਾਲਾਂਕਿ ਰਿਪੋਰਟ ਸੌਂਪਣ ਲਈ ਏ. ਐੱਸ. ਆਈ. ਨੇ ਹੋਰ ਸਮਾਂ ਮੰਗਿਆ। ਤਿੰਨ ਵਾਰ ਸਮਾਂ ਵਧਾਇਆ ਗਿਆ। 4 ਜੁਲਾਈ ਨੂੰ ਹਾਈ ਕੋਰਟ ਨੇ ASI ਨੂੰ ਹੁਕਮ ਦਿੱਤੇ ਸਨ ਕਿ 15 ਜੁਲਾਈ ਤੱਕ ਆਪਣੀ ਪੂਰੀ ਰਿਪੋਰਟ ਸੌਂਪ ਦੇਵੇ।
1822 'ਚ ਵੀ ਹੋਇਆ ਸੀ ਸਰਵੇ
1822 ਨੂੰ ਜੌਨ ਮੈਲਕਮ ਵਲੋਂ ਇਕ ਸਰਵੇ ਕੀਤਾ ਗਿਆ ਸੀ। ਸਰਵੇ ਵਿਚ ਭੋਜਸ਼ਾਲਾ ਦਾ ਜ਼ਿਕਰ ਨਹੀਂ ਸੀ। ਮੈਲਕਮ ਨੇ ਖੰਡਰ ਨੂੰ ਮਸਜਿਦ ਦੇ ਰੂਪ ਵਿਚ ਵਰਣਿਤ ਕੀਤਾ ਸੀ। ਕਿਹਾ ਜਾਂਦਾ ਹੈ ਕਿ ਇਸ ਦੇ ਫਰਸ਼ 'ਤੇ ਮੈਲਕਮ ਨੂੰ ਇਕ ਹਿੰਦੂ ਸ਼ਿਲਾਲੇਖ ਮਿਲਿਆ ਸੀ, ਜੋ ਦਰਸਾਉਂਦਾ ਹੈ ਕਿ ਮਸਜਿਦ ਦਾ ਨਿਰਮਾਣ ਪਹਿਲਾਂ ਤੋਂ ਇਸਤੇਮਾਲ ਕੀਤੀ ਗਈ ਸਮੱਗਰੀ ਤੋਂ ਕੀਤਾ ਗਿਆ ਸੀ।