ਵਿਆਹ ਤੋਂ ਪਹਿਲਾਂ ਲਾੜਾ-ਲਾੜੀ ਨੂੰ ਨਿਭਾਉਣੀ ਹੋਵੇਗੀ ਇਹ ਅਹਿਮ ਰਸਮ
Thursday, Jan 21, 2016 - 11:32 AM (IST)
ਭਿਵਾਨੀ— ਭਿਵਾਨੀ ਜ਼ਿਲੇ ਦੇ ਚਰਖੀ ਦਾਦਰੀ ਦਾ ਪਿੰਡ ਚਨਦੇਨੀ ਵਿਚ ਪੰਚਾਇਤ ਨੇ ਇਕ ਨਵੀਂ ਪਹਿਲ ਕਰਦੇ ਹੋਏ ਵੱਡਾ ਫੈਸਲਾ ਲਿਆ ਹੈ। ਪਿੰਡ ਚਨਦੇਨੀ ਵਿਚ ਹੁਣ ਲਾੜਾ-ਲਾੜੀ ਨੂੰ ਵਿਆਹ ਤੋਂ ਪਹਿਲਾਂ ਇਕ ਰਸਮ ਹੋਰ ਨਿਭਾਉਣੀ ਹੋਵੇਗੀ ਅਤੇ ਉਹ ਹੈ ਐੱਚ. ਆਈ. ਵੀ. ਟੈਸਟ ਪਾਸ ਕਰਨਾ। ਏਡਜ਼ ਨੂੰ ਮਾਤ ਦੇਣ ਲਈ ਚਨਦੇਨੀ ਪਿੰਡ ਦੀ ਪੰਚਾਇਤ ਨੇ ਇਹ ਅਨੋਖੀ ਪਹਿਲ ਕੀਤੀ ਹੈ। ਇਹ ਫੈਸਲਾ ਪੰਚਾਇਤ ਨੇ ਸਮਾਜਿਕ ਵਰਕਰ, ਅਭਿਨੇਤਾ ਅਤੇ ਮਾਡਲ ਰਾਮਫਲ ਦੇ ਸਹਿਯੋਗ ਅਤੇ ਪ੍ਰੇਰਣਾ ਸਦਕਾ ਲਿਆ ਗਿਆ।
ਮਹਿਲਾ ਸਰਪੰਚ ਮਮਤਾ ਸਾਂਗਵਾਨ ਦਾ ਕਹਿਣਾ ਹੈ ਕਿ ਸਰਪੰਚ ਬਣਦੇ ਹੀ ਪਿੰਡ ਵਿਚ ਕੁਝ ਨਵਾਂ ਕਰਨ ਦਾ ਜਜ਼ਬਾ ਲੈਂਦੇ ਹੋਏ ਨਵੀਂ ਪਹਿਲ ਸ਼ੁਰੂ ਕੀਤੀ ਹੈ। ਮਹਿਲਾ ਸਰਪੰਚ ਮਮਤਾ ਦਾ ਕਹਿਣਾ ਹੈ ਕਿ ਅਸੀਂ ਪਿੰਡ ਵਿਚ ਕੁਝ ਨਵਾਂ ਕਰਨ ਵੱਲ ਅੱਗੇ ਵੱਧਦੇ ਹੋਏ ਵਿਆਹ ਦੌਰਾਨ ਲਾੜਾ-ਲਾੜੀ ਦੀ ਐੱਚ. ਆਈ. ਵੀ ਰਿਪੋਰਟ ਦੇਖਾਂਗੇ। ਹੁਣ ਸਾਡੇ ਪਿੰਡ ਵਿਚ ਕੋਈ ਵੀ ਵਿਆਹ ਹੋਵੇਗਾ ਤਾਂ ਲਾੜਾ ਅਤੇ ਲਾੜੀ ਨੂੰ ਐੱਚ. ਆਈ. ਵੀ. ਟੈਸਟ ਰਿਪੋਰਟ ਪੇਸ਼ ਕਰਨੀ ਹੋਵੇਗੀ।
ਉਸ ਲੜਕੇ-ਲੜਕੀ ਨੂੰ ਵਿਆਹ ਦੀ ਆਗਿਆ ਦਿੱਤੀ ਜਾਵੇਗੀ ਜੋ ਐੱਚ. ਆਈ. ਵੀ. ਟੈਸਟ ਵਿਚ ਪਾਸ ਹੋਵੇਗਾ। ਸਰਪੰਚ ਦਾ ਕਹਿਣਾ ਹੈ ਕਿ ਦੇਸ਼ ਦੀਆਂ ਸਾਰੀਆਂ ਪੰਚਾਇਤਾਂ ਨੂੰ ਅਜਿਹਾ ਕਰਨ ਦੀ ਅਪੀਲ ਕੀਤੀ ਗਈ ਹੈ। ਅਜਿਹਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਏਡਜ਼ ਮੁਕਤ ਬਣਾਉਣ ਲਈ ਕੀਤਾ ਗਿਆ ਹੈ। ਸੰਜੇ ਰਾਮਫਲ ਮੁਤਾਬਕ ਚਨਦੇਨੀ ਪਿੰਡ ਦੀ ਪੰਚਾਇਤ ਨੇ ਮਿਲ ਕੇ ਜੋ ਫੈਸਲਾ ਲਿਆ ਹੈ, ਉਸ ਨਾਲ ਦੇਸ਼ ਦੀ ਆਉਣ ਵਾਲੀ ਪੀੜ੍ਹੀ ਏਡਜ਼ ਤੋਂ ਮੁਕਤ ਰਹੇਗੀ। ਹਰਿਆਣਾ ਵਿਚ ਅਜੇ ਇਕ ਪਿੰਡ ਦੇ ਲੋਕਾਂ ਨੇ ਮਿਲ ਕੇ ਇਹ ਫੈਸਲਾ ਲਿਆ ਹੈ। ਵਿਆਹ ਕਰਨ ਤੋਂ ਪਹਿਲਾਂ ਲੜਕੇ ਅਤੇ ਲੜਕੀ ਨੂੰ ਸਰਕਾਰੀ ਸਿਹਤ ਕੇਂਦਰ ਪਹੁੰਚ ਕੇ ਐੱਚ. ਆਈ. ਵੀ. ਟੈਸਟ ਕਰਾਉਣਾ ਹੋਵੇਗਾ ਅਤੇ ਉੱਥੋਂ ਸਰਟੀਫਿਕੇਟ ਵੀ ਲੈਣਾ ਹੋਵੇਗਾ। ਪਿੰਡ ਵਿਚ ਇਕ ਨਵੇਂ ਵਿਆਹੇ ਜੋੜੇ ਧਰਮਜੀਤ ਗਰੇਵਾਲ ਅਤੇ ਮੁਕੇਸ਼ ਆਪਣੇ ਵਿਆਹ ਤੋਂ ਇਕ ਦਿਨ ਪਹਿਲਾਂ ਸਰਕਾਰੀ ਸਿਹਤ ਕੇਂਦਰ ''ਚ ਐੱਚ. ਆਈ. ਵੀ. ਟੈਸਟ ਦਾ ਸਰਟੀਫਿਕੇਟ ਲਿਆ ਕੇ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਅਤੇ ਇਸ ਨਵੀਂ ਪਹਿਲ ਦੀ ਮਿਸਾਲ ਬਣੇ।
