10ਵੀਂ 'ਚੋਂ 68 ਫੀਸਦੀ ਨੰਬਰ, ਪੜ੍ਹੋ ਭਾਰਤੀ ਦੀ ਫੁੱਟਪਾਥ ਤੋਂ ਫਲੈਟ ਤੱਕ ਦੀ ਸੰਘਰਸ਼ ਭਰੀ ਕਹਾਣੀ

07/09/2020 6:17:18 PM

ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਭਾਰਤੀ ਖਾਂਡੇਕਰ ਨੇ ਫੁੱਟਪਾਥ 'ਤੇ ਪੜ੍ਹਾਈ ਕਰ ਕੇ 10ਵੀਂ ਬੋਰਡ ਦੇ ਇਮਤਿਹਾਨ 'ਚ 68 ਫੀਸਦੀ ਅੰਕ ਹਾਸਲ ਕੀਤੇ। ਉਸ ਦੇ ਮੁਸ਼ਕਲ ਸੰਘਰਸ਼ ਅਤੇ ਸਫ਼ਲਤਾ ਦੀ ਸ਼ਲਾਘਾ ਕਰਦੇ ਹੋਏ ਇੰਦੌਰ ਨਗਰ ਨਿਗਮ (ਆਈ. ਐੱਮ. ਸੀ.) ਨੇ ਉਸ ਦੇ ਬੇਘਰ ਪਰਿਵਾਰ ਨੂੰ ਫਲੈਟ ਅਲਾਟ ਕੀਤਾ ਹੈ। ਇੰਦੌਰ ਨਗਰ ਨਿਗਮ ਦੀ ਕਮਿਸ਼ਨਰ ਪ੍ਰਤਿਭਾ ਪਾਲ ਨੇ ਵੀਰਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਆਰਥਿਕ ਰੂਪ ਨਾਲ ਕਮਜ਼ੋਰ ਤਬਕੇ ਦੇ ਵਿਕਾਸ ਦੀ ਇਕ ਸਰਕਾਰੀ ਯੋਜਨਾ ਤਹਿਤ ਭਾਰਤੀ ਦੇ ਪਰਿਵਾਰ ਨੂੰ ਸ਼ਹਿਰ ਦੇ ਭੂਰੀ ਟੇਕਰੀ ਖੇਤਰ ਵਿਚ ਬਹੁ-ਮੰਜ਼ਲਾ ਕੰਪਲੈਕਸ ਵਿਚ ਫਲੈਟ 'ਸੀ-307' ਅਲਾਟ ਕੀਤਾ ਹੈ। ਇਸ ਫਲੈਟ ਵਿਚ ਇਕ-ਇਕ ਬੈੱਡਰੂਮ, ਹਾਲ ਅਤੇ ਰਸੋਈ ਹੈ। ਪਾਲ ਨੇ ਕਿਹਾ ਕਿ ਉਂਝ ਤਾਂ ਬੇਘਰ ਲੋਕਾਂ ਨੂੰ ਘਰ ਮੁਹੱਈਆ ਕਰਾਉਣਾ ਸਾਡਾ ਕੰਮ ਹੈ ਪਰ ਫੁੱਟਪਾਥ 'ਤੇ ਰਹਿਣ ਵਾਲੀ ਭਾਰਤੀ ਅਤੇ ਉਸ ਦੇ ਪਰਿਵਾਰ ਦੀ ਸੰਘਰਸ਼ ਭਰੀ ਕਹਾਣੀ ਸਾਨੂੰ ਮੀਡੀਆ ਜ਼ਰੀਏ ਪਤਾ ਲੱਗੀ।

ਇਹ ਵੀ ਪੜ੍ਹੋ: ਰੋਜ਼ 12 ਕਿਲੋਮੀਟਰ ਸਾਈਕਲ ਚੱਲਾ ਕੇ ਜਾਂਦੀ ਸੀ ਸਕੂਲ, 10ਵੀਂ 'ਚੋਂ ਹਾਸਲ ਕੀਤੇ 98.75 ਫੀਸਦੀ ਅੰਕ

ਕਮਿਸ਼ਨਰ ਪ੍ਰਤਿਭਾ ਨੇ ਕਿਹਾ ਕਿ ਜਦੋਂ ਮੈਂ ਭਾਰਤੀ ਨੂੰ ਮਿਲੀ ਤਾਂ ਉਸ ਦਾ ਆਤਮ ਵਿਸ਼ਵਾਸ ਵੇਖ ਕੇ ਹੈਰਾਨ ਰਹਿ ਗਈ। ਅਧਿਕਾਰੀਆਂ ਨੇ ਦੱਸਿਆ ਕਿ ਆਈ. ਐੱਮ. ਸੀ. ਦੇ ਫਲੈਟ ਦੇ ਅਲਾਟ ਦੇ ਹੁਕਮ ਵਿਚ ਭਾਰਤੀ ਦਾ ਨਾਂ 'ਸਹਿ ਬਿਨੈਕਾਰ' ਅਤੇ ਉਸ ਦੀ ਮਾਂ ਲਕਸ਼ਮੀ ਦਾ ਨਾਂ 'ਬਿਨੈਕਾਰ' ਦੇ ਰੂਪ ਵਿਚ ਦਰਜ ਕੀਤਾ ਗਿਆ ਹੈ। ਫਲੈਟ ਅਲਾਟਮੈਂਟ ਹੁਕਮ ਵਿਚ ਮਾਂ-ਧੀ ਦੀ ਤਸਵੀਰ ਵੀ ਲਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਦੇ ਪਿਤਾ ਦਸ਼ਰਥ ਖਾਂਡੇਕਰ ਠੇਲ੍ਹਾ ਚਲਾ ਕੇ ਮਜ਼ਦੂਰੀ ਕਰਦੇ ਹਨ, ਜਦਕਿ ਮਾਂ ਘਰਾਂ 'ਚ ਝਾੜੂ-ਪੋਛਾ ਕਰ ਕੇ ਪਰਿਵਾਰ ਦਾ ਢਿੱਡ ਪਾਲਣ ਵਿਚ ਮਦਦ ਕਰਦੀ ਹੈ। 

ਭਾਰਤੀ ਦੇ ਦੋ ਛੋਟੇ ਭਰਾ ਹਨ। ਫਲੈਟ ਮਿਲਣ ਤੋਂ ਪਹਿਲਾਂ ਉਸ ਦਾ ਬੇਘਰ ਪਰਿਵਾਰ ਸ਼ਿਵਾਜੀ ਮਾਰਕੀਟ ਦੇ ਫੁੱਟਪਾਥ 'ਤੇ ਰਹਿੰਦਾ ਸੀ। ਜ਼ਿਕਰਯੋਗ ਹੈ ਕਿ ਭਾਰਤੀ, ਸ਼ਹਿਰ ਦੇ ਇਕ ਸਰਕਾਰੀ ਸਕੂਲ ਦੀ ਵਿਦਿਆਰਥਣ ਹੈ। ਉਹ ਫੁੱਟਪਾਥ 'ਤੇ ਹੀ ਪੜ੍ਹ ਕੇ ਮੱਧ ਪ੍ਰਦੇਸ਼ ਦੇ ਸੈਕੰਡਰੀ ਸਿੱਖਿਆ ਸਕੂਲ ਦੀ ਆਯੋਜਿਤ ਜਮਾਤ 10ਵੀਂ ਦੇ ਇਮਤਿਹਾਨਾਂ 'ਚ ਪਹਿਲੀ ਸ਼੍ਰੇਣੀ ਵਿਚ ਪਾਸ ਹੋਈ ਹੈ। ਆਪਣੇ ਪਰਿਵਾਰ ਨਾਲ ਫੁੱਟਪਾਥ ਛੱਡ ਕੇ ਫਲੈਟ ਵਿਚ ਪਹੁੰਚਣ ਤੋਂ ਖੁਸ਼ ਭਾਰਤੀ ਨੇ ਕਿਹਾ ਕਿ ਵੱਡੀ ਹੋ ਕੇ ਮੈਂ ਆਈ. ਏ. ਐੱਸ. ਅਫ਼ਸਰ ਬਣਨਾ ਚਾਹੁੰਦੀ ਹਾਂ।


Tanu

Content Editor

Related News