ਭਾਰਤ ਜੋੜੋ ਯਾਤਰਾ : ਕਾਂਗਰਸੀ ਆਗੂਆਂ ਨੂੰ ਲੈ ਕੇ ਜਾ ਰਹੀ ਬੱਸ ਦੀ ਪਿਕਅੱਪ ਨਾਲ ਭਿਆਨਕ ਟੱਕਰ, 2 ਦੀ ਮੌਤ
Saturday, Dec 17, 2022 - 03:39 AM (IST)

ਨੈਸ਼ਨਲ ਡੈਸਕ : ਭਾਰਤ ਜੋੜੋ ਯਾਤਰਾ ’ਚ ਹਿੱਸਾ ਲੈਣ ਆਏ ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਅਹੁਦੇਦਾਰਾਂ ਦੀ ਬੱਸ ਅੱਜ ਜ਼ਿਲ੍ਹੇ ’ਚ ਹਾਦਸੇ ਦਾ ਸ਼ਿਕਾਰ ਹੋ ਗਈ। ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਦੇ ਮਾਲ ਆਵਾਸ ਨੇੜੇ ਕਾਂਗਰਸ ਦੇ ਅਹੁਦੇਦਾਰਾਂ ਨੂੰ ਦਿੱਲੀ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ਲੈ ਕੇ ਜਾ ਰਹੀ ਬੱਸ ਨੇ ਪਿੱਕਅੱਪ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਪਿਕਅੱਪ ’ਚ ਸਵਾਰ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਨੂੰ ਜ਼ਿਲ੍ਹਾ ਹਸਪਤਾਲ ਤੋਂ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਪੁਲਸ ਹੱਥ ਲੱਗੀ ਸਫ਼ਲਤਾ, ਟਿੰਮੀ ਚਾਵਲਾ-ਗੰਨਮੈਨ ਕਤਲਕਾਂਡ ਮਾਮਲੇ ’ਚ ਤਿੰਨ ਹੋਰ ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ
ਆਹਮੋ-ਸਾਹਮਣੇ ਦੀ ਟੱਕਰ ਕਾਰਨ ਬੱਸ ’ਚ ਸਵਾਰ ਵੱਡੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰ ਵੀ ਜ਼ਖ਼ਮੀ ਹੋ ਗਏ ਹਨ। ਤਕਰੀਬਨ 10 ਕਾਂਗਰਸੀ ਅਹੁਦੇਦਾਰਾਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿਥੋਂ ਇਕ ਅਹੁਦੇਦਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜੈਪੁਰ ਰੈਫ਼ਰ ਕਰ ਦਿੱਤਾ ਗਿਆ ਹੈ। ਹੋਰ ਕਾਂਗਰਸੀ ਅਹੁਦੇਦਾਰਾਂ ਦਾ ਦੌਸਾ ਦੇ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਥੇ ਬੱਸ ਅਤੇ ਪਿਕਅੱਪ 'ਚ ਹੋਏ ਹਾਦਸੇ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਇਹ ਖ਼ਬਰ ਵੀ ਪੜ੍ਹੋ : ਲਤੀਫਪੁਰਾ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਜਾਣੋ ਕੀ ਕਿਹਾ
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਸ਼ਾਮਲ ਹੋਣ ਤੋਂ ਬਾਅਦ ਦੋ ਬੱਸਾਂ ਦੌਸਾ ਤੋਂ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਈਆਂ ਸਨ। ਕਾਂਗਰਸ ਦੇ ਵਿਧਾਇਕ ਇਕ ਬੱਸ ’ਚ ਸਨ ਅਤੇ ਕਾਂਗਰਸ ਦੇ ਹੋਰ ਅਹੁਦੇਦਾਰ ਦੂਜੀ ਬੱਸ ’ਚ ਸਨ। ਅਹੁਦੇਦਾਰਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਸੀ।