5 ਅਗਸਤ ਨੂੰ ਅਯੁੱਧਿਆ ਜਾਣਗੇ PM ਮੋਦੀ, ਰਾਮ ਮੰਦਰ ਦੇ ਭੂਮੀ ਪੂਜਨ 'ਚ ਹੋਣਗੇ ਸ਼ਾਮਲ
Sunday, Jul 19, 2020 - 11:56 AM (IST)
ਨੈਸ਼ਨਲ ਡੈਸਕ- ਭਗਵਾਨ ਰਾਮ ਦੀ ਨਗਰੀ ਅਯੁੱਧਿਆ 'ਚ ਵਿਸ਼ਾਲ ਰਾਮ ਮੰਦਰ ਨਿਰਮਾਣ ਦੀ ਸ਼ੁੱਭ ਘੜੀ ਹੁਣ ਦੂਰ ਨਹੀਂ ਹੈ। ਮਿਲੀ ਖਬਰ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਨਿਰਮਾਣ ਲਈ ਅਯੁੱਧਿਆ 'ਚ ਭੂਮੀ ਪੂਜਨ ਕਰਨਗੇ। ਸੂਤਰਾਂ ਅਨੁਸਾਰ ਪੀ.ਐੱਮ. ਮੋਦੀ 5 ਅਗਸਤ ਨੂੰ ਅਯੁੱਧਿਆ ਪਹੁੰਚਣਗੇ। ਦੱਸਣਯੋਗ ਹੈ ਕਿ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਯੁੱਧਿਆ 'ਚ 3 ਜਾਂ 5 ਅਗਸਤ (ਦੋਹਾਂ ਸ਼ੁੱਭ ਤਾਰੀਖ਼ਾਂ) ਨੂੰ ਵਿਸ਼ਾਲ ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਸੱਦਾ ਦਿੱਤਾ ਸੀ, ਜਿਸ 'ਚੋਂ 5 ਅਗਸਤ ਨੂੰ ਚੁਣਿਆ ਗਿਆ ਹੈ।
ਰਾਮ ਮੰਦਰ ਟਰੱਸਟ ਦੇ ਚੇਅਰਮੈਨ ਨ੍ਰਿਤਿਆ ਗੋਪਾਲ ਦਾਸ ਦੇ ਬੁਲਾਰੇ ਮਹੰਤ ਕਮਲ ਨਯਨ ਦਾਸ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਅਸੀਂ ਪ੍ਰਧਾਨ ਮੰਤਰੀ ਦੀ ਯਾਤਰਾ ਲਈ 2 ਸ਼ੁੱਭ ਤਾਰੀਖ਼ਾਂ- 3 ਅਤੇ 5 ਅਗਸਤ ਦਾ ਸੁਝਾਅ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ 5 ਫਰਵਰੀ ਨੂੰ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਗਠਨ ਦਾ ਐਲਾਨ ਕੀਤਾ ਸੀ। ਇਕ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ, ਸੁਪਰੀਮ ਕੋਰਟ ਦੇ ਪਿਛਲੇ ਸਾਲ 9 ਨਵੰਬਰ ਦੇ ਫੈਸਲੇ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਦਾ ਮਾਰਗ ਪੱਕਾ ਹੋਇਆ ਸੀ। ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਮੰਦਰ ਦੀ ਉੱਚਾਈ 161 ਫੁੱਟ ਹੋਵੇਗੀ ਅਤੇ ਇਸ 'ਚ 5 ਗੁੰਬਦ ਹੋਣਗੇ।