ਕੇਰਲ ’ਚ ਇਸਲਾਮੀ ਸੰਸਥਾ ਦੇ ਸੰਸਕ੍ਰਿਤ ਸਿਲੇਬਸ ’ਚ ਭਗਵਦ ਗੀਤਾ ਤੇ ਹੋਰ ਹਿੰਦੂ ਗ੍ਰੰਥ ਸ਼ਾਮਲ
Tuesday, Jan 17, 2023 - 10:25 AM (IST)
ਤ੍ਰਿਸ਼ੂਰ (ਭਾਸ਼ਾ)- ਕੇਰਲ ਦੇ ਤ੍ਰਿਸੂਰ ਜ਼ਿਲ੍ਹੇ ਦੀ ਇਕ ਇਸਲਾਮੀ ਸੰਸਥਾ ਨੇ ਆਪਣੇ ਵਿਦਿਆਰਥੀਆਂ ਲਈ ਤਿਆਰ ਕੀਤੇ ਗਏ ਢਾਂਚਾਗਤ ਸਿਲੇਬਸ ’ਚ 11ਵੀਂ ਅਤੇ 12ਵੀਂ ਜਮਾਤ ’ਚ ਮੂਲ ਸੰਸਕ੍ਰਿਤ ਵਿਆਕਰਣ ਅਤੇ ਫਿਰ ‘ਦੇਵ ਭਾਸ਼ਾ’ ਵਿਚ ਭਗਵਦ ਗੀਤਾ ਦੇ ਨਾਲ-ਨਾਲ ਹੋਰ ਹਿੰਦੂ ਗ੍ਰੰਥਾਂ ਨੂੰ ਅਧਿਐਨ ਲਈ ਸ਼ਾਮਲ ਕੀਤਾ ਹੈ। ਨਵਾਂ ਅਕਾਦਮਿਕ ਸਾਲ ਸ਼ੁਰੂ ਹੋਣ ’ਤੇ ਜੂਨ 2023 ਤੋਂ ਨਵਾਂ ਸਿਲੇਬਸ ਲਾਗੂ ਹੋਵੇਗਾ।
ਮਲਿਕ ਦੀਨਾਰ ਇਸਲਾਮਿਕ ਕੰਪਲੈਕਸ (ਐੱਮ. ਆਈ. ਸੀ.) ਵੱਲੋਂ ਚਲਾਏ ਜਾ ਰਹੇ ‘ਦਿ ਅਕੈਡਮੀ ਆਫ ਸ਼ਰੀਆ ਐਂਡ ਐਡਵਾਂਸਡ ਸਟੱਡੀਜ਼’ (ਏ. ਐੱਸ. ਏ. ਐੱਸ.) ਨੇ ਹਾਲ ਹੀ ’ਚ ਹਿੰਦੂ ਵਿਦਵਾਨਾਂ ਦੀ ਮਦਦ ਨਾਲ ਆਪਣੇ ਵਿਦਿਆਰਥੀਆਂ ਨੂੰ ਸੰਸਕ੍ਰਿਤ, ਜਿਸ ਨੂੰ ‘ਦੇਵਾ ਭਾਸ਼ਾ’ ਵਜੋਂ ਵੀ ਜਾਣਿਆ ਹੈ, ਪੜ੍ਹਾ ਕੇ ਇਕ ਮਿਸਾਲ ਪੇਸ਼ ਕਰਨ ਲਈ ਚਰਚਾ ’ਚ ਸੀ। ਐੱਮ. ਆਈ. ਸੀ. ਏ. ਐੱਸ. ਏ. ਐੱਸ. ਪਿਛਲੇ ਸੱਤ ਸਾਲਾਂ ਤੋਂ ਆਪਣੇ ਵਿਦਿਆਰਥੀਆਂ ਨੂੰ ਭਗਵਦ ਗੀਤਾ, ਉਪਨਿਸ਼ਦ, ਮਹਾਭਾਰਤ, ਰਾਮਾਇਣ ਦੇ ਚੋਣਵੇਂ ਹਿੱਸਿਆਂ ਸੰਸਕ੍ਰਿਤ ’ਚ ਪੜ੍ਹਾ ਰਿਹਾ ਹੈ।