UP: ਮਾਂ ਨੇ 5 ਬੱਚਿਆਂ ਨੂੰ ਗੰਗਾ ਨਦੀ 'ਚ ਸੁੱਟਿਆ, ਭਾਲ ਜਾਰੀ
Sunday, Apr 12, 2020 - 03:55 PM (IST)

ਭਦੋਈ-ਕਹਿੰਦੇ ਹਨ, 'ਮਾਂ ਰੱਬ ਦਾ ਰੂਪ ਹੁੰਦੀ ਹੈ ਜਿਸ ਦਾ ਕਰਜ਼ ਅਸੀ ਸਾਰੀ ਉਮਰ ਉਤਾਰ ਨਹੀਂ ਸਕਦੇ।' ਕਹਿਣ ਨੂੰ ਤਾਂ ਮਾਂ ਛੋਟਾ ਜਿਹਾ ਸ਼ਬਦ ਹੈ ਪਰ ਇਸ ਦਾ ਮਹੱਤਵ ਬਹੁਤ ਜ਼ਿਆਦਾ ਹੈ। ਮਾਂ ਦਾ ਆਪਣੇ ਬੱਚੇ ਪ੍ਰਤੀ ਇੰਨਾ ਡੂੰਘਾ ਪਿਆਰ ਹੁੰਦਾ ਹੈ ਕਿ ਉਹ ਆਪਣੇ ਬੱਚੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੀ ਹੈ। ਪਰ ਉੱਤਰ ਪ੍ਰਦੇਸ਼ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦਰਅਸਲ ਇੱਥੇ ਇਕ ਔਰਤ ਦਾ ਅਕਸਰ ਆਪਣੀ ਪਤੀ ਨਾਲ ਲੜਾਈ ਝਗੜਾ ਰਹਿੰਦਾ ਸੀ ਜਿਸ ਕਾਰਨ ਉਸ ਨੇ ਆਪਣੇ 5 ਬੱਚਿਆਂ ਨੂੰ ਗੰਗਾ ਨਦੀ 'ਚ ਸੁੱਟ ਦਿੱਤਾ।
ਦੱਸਣਯੋਗ ਹੈ ਕਿ ਇਹ ਘਟਨਾ ਇੱਥੋ ਦੇ ਭਦੋਈ ਜ਼ਿਲੇ 'ਦੇ ਇਕ ਪਿੰਡ 'ਚ ਵਾਪਰੀ, ਇੱਥੋ ਦੀ ਰਹਿਣ ਵਾਲੀ ਮੰਜੂ ਦੇਵੀ ਦੇ 2 ਪੁੱਤਰ ਅਤੇ 3 ਧੀਆਂ ਹਨ। ਮੰਜੂ ਦੇਵੀ ਬੀਤੀ ਰਾਤ ਲਗਭਗ ਢਾਈ ਵਜੇ ਆਪਣੇ ਬੱਚਿਆਂ ਨੂੰ ਲੈ ਕੇ ਗੰਗਾ ਘਾਟ 'ਤੇ ਪਹੁੰਚੀ। ਇਸ ਤੋਂ ਬਾਅਦ ਉਹ ਡੂੰਘੇ ਪਾਣੀ 'ਚ ਚਲੀ ਗਈ ਅਤੇ ਆਪਣੇ ਬੱਚਿਆਂ ਨੂੰ ਨਦੀ 'ਚ ਸੁੱਟ ਆਈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪੁਲਸ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਹੁਣ ਤੱਕ ਬੱਚਿਆਂ ਦਾ ਕੁਝ ਪਤਾ ਨਹੀਂ ਚੱਲਿਆ ਹੈ। ਪੁਲਸ ਦੋਸ਼ੀ ਮਾਂ ਤੋਂ ਪੁੱਛਗਿੱਛ ਕਰ ਰਹੀ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਬੱਚਿਆਂ ਦੀ ਪਛਾਣ ਵੰਦਨਾ (12) ਰੰਜਨਾ (10) ਪੂਜਾ (6) ਸ਼ਿਵ ਸ਼ੰਕਰ (8) ਅਤੇ ਸੰਦੀਪ (5) ਦੇ ਰੂਪ 'ਚ ਹੋਈ ਹੈ।