ਰੁਕੀ ਹੋਈ ਤਨਖਾਹ ਮਨਜ਼ੂਰ ਕਰਨ ਦੇ ਬਹਾਨੇ ਮੰਗ ਲਈ ਰਿਸ਼ਵਤ ! BEO ਰੰਗੇ ਹੱਥੀਂ ਗ੍ਰਿਫ਼ਤਾਰ

Saturday, Apr 25, 2026 - 04:04 PM (IST)

ਰੁਕੀ ਹੋਈ ਤਨਖਾਹ ਮਨਜ਼ੂਰ ਕਰਨ ਦੇ ਬਹਾਨੇ ਮੰਗ ਲਈ ਰਿਸ਼ਵਤ ! BEO ਰੰਗੇ ਹੱਥੀਂ ਗ੍ਰਿਫ਼ਤਾਰ

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਇੰਦੌਰ ਲੋਕਾਯੁਕਤ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਖਰਗੋਨ ਜ਼ਿਲ੍ਹੇ ਦੇ ਝਿਰਨਿਆ ਦੇ ਬਲਾਕ ਸਿੱਖਿਆ ਅਧਿਕਾਰੀ (BEO) ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪ੍ਰਭਾਤ ਪਰਮਾਰਥੀ, ਬਲਾਕ ਸਿੱਖਿਆ ਅਧਿਕਾਰੀ, ਝਿਰਨਿਆ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਅਨਕਵਾੜੀ ਨਿਵਾਸੀ ਸੁਭਾਸ਼ ਬੜੇ ਨੇ ਲੋਕਾਯੁਕਤ ਨੂੰ ਸ਼ਿਕਾਇਤ ਦਿੱਤੀ ਸੀ। ਉਸ ਦੀ ਪਤਨੀ ਸੇਵੰਤੀ ਬੜੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਤੌਰ 'ਗੈਸਟ ਟੀਚਰ' ਵਜੋਂ ਕੰਮ ਕਰਦੀ ਹੈ। ਸੇਵੰਤੀ ਦੀ ਨਵੰਬਰ 2025 ਦੀ ਤਨਖਾਹ ਅਧਿਕਾਰੀ ਦੀ ਮਨਜ਼ੂਰੀ ਨਾ ਮਿਲਣ ਕਾਰਨ ਰੁਕੀ ਹੋਈ ਸੀ। ਇਸ ਰੁਕੀ ਹੋਈ ਤਨਖਾਹ ਨੂੰ ਜਾਰੀ ਕਰਨ ਦੇ ਬਦਲੇ BEO ਪ੍ਰਭਾਤ ਪਰਮਾਰਥੀ ਨੇ 2,000 ਰੁਪਏ ਦੀ ਰਿਸ਼ਵਤ ਮੰਗੀ ਸੀ।

ਸ਼ਿਕਾਇਤ ਦੀ ਪੁਸ਼ਟੀ ਹੋਣ ਤੋਂ ਬਾਅਦ ਲੋਕਾਯੁਕਤ ਦੀ ਟੀਮ ਨੇ ਜਾਲ ਵਿਛਾਇਆ। ਸ਼ਨੀਵਾਰ ਨੂੰ ਜਿਵੇਂ ਹੀ ਸੁਭਾਸ਼ ਬੜੇ ਨੇ ਅਧਿਕਾਰੀ ਨੂੰ ਉਸ ਦੇ ਖਰਗੋਨ ਸਥਿਤ ਨਿਵਾਸ 'ਤੇ ਰਿਸ਼ਵਤ ਦੇ ਪੈਸੇ ਦਿੱਤੇ, ਪਹਿਲਾਂ ਤੋਂ ਤਿਆਰ ਬੈਠੀ ਪੁਲਸ ਟੀਮ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਲੋਕਾਯੁਕਤ ਪੁਲਸ ਅਨੁਸਾਰ, ਦੋਸ਼ੀ ਅਧਿਕਾਰੀ ਖ਼ਿਲਾਫ਼ 'ਭ੍ਰਿਸ਼ਟਾਚਾਰ ਰੋਕੂ ਐਕਟ 2018' ਦੀ ਧਾਰਾ 7 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਕਾਰਵਾਈ ਵਿੱਚ ਡੀ.ਐੱਸ.ਪੀ. ਸੁਨੀਲ ਤਾਲਾਨ ਅਤੇ ਉਨ੍ਹਾਂ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ।


author

Harpreet SIngh

Content Editor

Related News