ਜ਼ਖ਼ਮੀ ਅੱਤਵਾਦੀਆਂ ਲਈ ਮੈਡੀਕਲ ਐਪਲੀਕੇਸ਼ਨ ਬਣਾ ਰਿਹਾ ਸੀ ਡਾਕਟਰ, ਗ੍ਰਿਫਤਾਰ

08/18/2020 9:30:02 PM

ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ ਨੇ ਅਬਦੁਰ ਰਹਿਮਾਨ ਨਾਮ ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਬੈਂਗਲੁਰੂ ਦੇ ਐੱਮ.ਐੱਸ. ਰਮਈਆ ਮੈਡੀਕਲ ਕਾਲਜ 'ਚ ਅੱਖਾਂ ਦਾ ਸਪੈਸ਼ਲਿਸਟ ਹੈ। ਐੱਨ.ਆਈ.ਏ. ਵਲੋਂ ਮੰਗਲਵਾਰ ਨੂੰ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਅਬਦੁਰ ਰਹਿਮਾਨ 'ਤੇ ਦੋਸ਼ ਹੈ ਕਿ ਉਹ ਅੱਤਵਾਦ ਪ੍ਰਭਾਵਿਤ ਇਲਾਕਿਆਂ 'ਚ ਸਰਗਰਮ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਦੇ ਜ਼ਖ਼ਮੀ ਅੱਤਵਾਦੀਆਂ ਦੀ ਮਦਦ ਲਈ ਇੱਕ ਮੈਡੀਕਲ ਐਪਲੀਕੇਸ਼ਨ ਅਤੇ ਵੈਪਨਰੀ-ਰਿਲੇਟਿਡ ਐਪਲੀਕੇਸ਼ਨ ਵਿਕਸਿਤ ਕਰ ਰਿਹਾ ਸੀ ਤਾਂਕਿ ਅੱਤਵਾਦੀਆਂ ਤੱਕ ਸਹਾਇਤਾ ਪਹੁੰਚਾਈ ਜਾ ਸਕੇ। ਐੱਨ.ਆਈ.ਏ. ਨੇ ਬੈਂਗਲੁਰੂ 'ਚ ਉਸ ਦੇ ਤਿੰਨ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਉੱਥੋ ਸੱਕੀ ਸਮੱਗਰੀ ਸਮੇਤ ਡਿਜੀਟਲ ਉਪਕਰਣ, ਮੋਬਾਇਲ ਫੋਨ ਅਤੇ ਲੈਪਟਾਪ ਵੀ ਬਰਾਮਦ ਕੀਤੇ ਹਨ। ਜਾਂਚ ਏਜੰਸੀ ਉਸ ਨੂੰ ਨਵੀਂ ਦਿੱਲੀ ਦੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ 'ਚ ਪੇਸ਼ ਕਰੇਗੀ ਅਤੇ ਅੱਗੇ ਦੀ ਪੁੱਛਗਿੱਛ ਲਈ ਰਿਮਾਂਡ ਮੰਗੇਗੀ।

ਅੱਤਵਾਦੀਆਂ ਦਾ ਡਾਕਟਰ ਐੱਨ.ਆਈ.ਏ. ਦੇ ਸ਼ਿਕੰਜੇ 'ਚ 
ਐੱਨ.ਆਈ.ਏ. ਦਾ ਕਹਿਣਾ ਹੈ ਕਿ 28 ਸਾਲ ਦਾ ਅਬਦੁਰ ਰਹਿਮਾਨ ਸਾਲ 2014 ਦੀ ਸ਼ੁਰੂਆਤ 'ਚ ਸੀਰੀਆ ਸਥਿਤ ਆਈ.ਐੱਸ.ਆਈ.ਐੱਸ. ਦੇ ਮੈਡੀਕਲ ਕੈਂਪ 'ਚ ਵੀ ਜਾ ਚੁੱਕਾ ਹੈ ਅਤੇ 10 ਦਿਨਾਂ ਤੱਕ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨਾਲ ਰਹਿ ਕੇ ਅੱਤਵਾਦੀਆਂ ਦਾ ਇਲਾਜ ਕਰਨ ਤੋਂ ਬਾਅਦ ਭਾਰਤ ਪਰਤਿਆ ਸੀ। ਜਾਂਚ ਏਜੰਸੀ ਨੇ ਬੈਂਗਲੁਰੂ ਦੇ ਬਾਸਾਵਾਂਗੁਡੀ ਇਲਾਕੇ ਦੇ ਨਿਵਾਸੀ ਅਬਦੁਰ ਨੂੰ ਸੋਮਵਾਰ ਨੂੰ ਕਸ਼ਮੀਰੀ ਪਤੀ-ਪਤਨੀ ਜਹਾਂਜੈਬ ਸਾਮੀ ਵਾਨੀ ਅਤੇ ਹੀਨਾ ਬਸ਼ੀਰ ਬੇਗ ਨਾਲ ਜੁੜੇ ਮਾਮਲੇ 'ਚ ਜਾਰੀ ਜਾਂਚ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਹੈ, ਜੋ ਇਸ ਸਾਲ ਮਾਰਚ 'ਚ ਦਿੱਲੀ ਦੇ ਜਾਮੀਆ ਨਗਰ ਤੋਂ ਦਬੋਚੇ ਗਏ ਸਨ। ਸਾਮੀ ਅਤੇ ਬੇਗ ਦੀ ਗ੍ਰਿਫਤਾਰੀ ਤੋਂ ਬਾਅਦ ਮਾਰਚ 'ਚ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਸ਼ੁਰੂ 'ਚ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਹ ਦੋਵੇਂ ਪਤੀ-ਪਤਨੀ ਕਥਿਤ ਤੌਰ 'ਤੇ ਪਾਬੰਦੀਸ਼ੁਦਾ ਇਸਲਾਮਿਕ ਸਟੇਟ ਆਫ ਖੁਰਾਸਾਨ ਪ੍ਰਾਂਤ (ISKP) ਨਾਲ ਜੁੜੇ ਹਨ, ਜੋ ਕਿ ਆਈ.ਐੱਸ.ਆਈ.ਐੱਸ. ਦਾ ਹੀ ਹਿੱਸਾ ਹੈ ਅਤੇ ਜਿਸ ਨੂੰ ਵਿਨਾਸ਼ਕਾਰੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਪਾਇਆ ਗਿਆ ਸੀ।


Inder Prajapati

Content Editor

Related News