ਇਹ ਡਰਾਈਵਰ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਵੰਡ ਰਿਹੈ ਮੁਫਤ ''ਚ ਮਾਸਕ
Wednesday, Mar 11, 2020 - 11:26 AM (IST)
ਬੈਂਗਲੁਰੂ— ਭਾਰਤ 'ਚ ਕੋਰੋਨਾ ਵਾਇਰਸ ਦਾ ਖਤਰਾ ਵਧਦਾ ਜਾ ਰਿਹਾ ਹੈ। ਦੁਨੀਆ ਭਰ 'ਚ ਇਸ ਵਾਇਰਸ ਨੇ ਆਤੰਕ ਮਚਾ ਰੱਖਿਆ ਹੈ। ਭਾਰਤ 'ਚ ਕੋਰੋਨਾ ਦੇ 59 ਕੇਸ ਸਾਹਮਣੇ ਆ ਚੁੱਕੇ ਹਨ ਅਤੇ ਦੁਨੀਆ ਭਰ 'ਚ 4 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਕਾਰਨ ਹੈਂਡ ਸੈਨੇਟਾਈਜ਼ਰ ਦੀਆਂ ਕੀਮਤਾਂ ਵੱਧ ਗਈਆਂ ਹਨ। ਮਾਸਕ ਮਹਿੰਗੇ ਹੋ ਗਏ ਹਨ। ਇਸ ਦਰਮਿਆਨ ਬੈਂਗਲੁਰੂ ਦਾ ਇਕ ਕੈਬ ਡਰਾਈਵਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਆਪਣੇ ਯਾਤਰੀਆਂ ਨੂੰ ਮੁਫ਼ਤ ਵਿਚ ਮਾਸਕ ਵੰਡਦਾ ਹੈ। ਬੈਂਗਲੁਰੂ ਦੇ ਰਹਿਣ ਵਾਲੇ ਆਜ਼ਮ ਖਾਨ ਪੇਸ਼ੇ ਤੋਂ ਡਰਾਈਵਰ ਹੈ। ਉਹ ਆਪਣੀ ਕਾਰ 'ਚ ਬੈਠਣ ਵਾਲੇ ਹਰ ਯਾਤਰੀ ਨੂੰ ਮੁਫ਼ਤ 'ਚ ਮਾਸਕ ਵੰਡਦੇ ਹਨ।
ਦਰਅਸਲ ਆਜ਼ਮ ਦੀ ਕਾਰ 'ਚ ਸਵਾਰ ਇਕ ਸ਼ਖਸ ਨੇ ਉਨ੍ਹਾਂ ਨੂੰ ਮਾਸਕ ਤੋਹਫੇ ਵਜੋਂ ਭੇਟ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਉਹ ਵੀ ਅਜਿਹਾ ਹੀ ਕਰਨਗੇ ਅਤੇ ਲੋਕਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਨਗੇ। ਬਸ ਫਿਰ ਕੀ ਸੀ ਆਜ਼ਮ ਖਾਨ ਨੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਮਾਸਕ ਵੰਡਣ ਦਾ ਬੀੜਾ ਚੁੱਕ ਲਿਆ। ਖਾਨ ਰੋਜ਼ਾਨਾ ਮਾਸਕ ਖਰੀਦਦੇ ਹਨ। ਇਕ ਮਾਸਕ ਦੀ ਕੀਮਤ 30 ਤੋਂ 40 ਵਿਚਾਲੇ ਦੱਸੀ ਜਾ ਰਹੀ ਹੈ। ਆਜ਼ਮ ਖਾਨ ਨੇ ਦੱਸਿਆ ਕਿ ਉਹ ਪਹਿਲਾਂ ਸਵਾਰੀ ਤੋਂ ਪੁੱਛਦੇ ਹਨ ਕਿ ਉਨ੍ਹਾਂ ਕੋਲ ਮਾਸਕ ਹੈ ਜਾਂ ਨਹੀਂ। ਜੇਕਰ ਨਹੀਂ ਤਾਂ ਉਹ ਉਨ੍ਹਾਂ ਨੂੰ ਮਾਸਕ ਦਿੰਦੇ ਹਨ।
ਆਜ਼ਮ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਕਾਰ 'ਚ ਹਰ ਤਰ੍ਹਾਂ ਦੇ ਲੋਕ ਆਉਂਦੇ ਹਨ। ਇਹ ਆਪਣੇ ਆਪ 'ਚ ਇਕ ਪਬਲਿਕ ਪਲੇਸ ਹੈ। ਹਰ ਤਰ੍ਹਾਂ ਦੇ ਯਾਤਰੀ ਇੱਥੇ ਆਉਂਦੇ ਹਨ। ਕਈ ਵਾਰ ਤਾਂ ਮੈਂ ਹਵਾਈ ਅੱਡੇ ਵੀ ਜਾਂਦਾ ਹਾਂ। ਇਸ ਜਾਨਲੇਵਾ ਵਾਇਰਸ ਤੋਂ ਬਚਣ ਲਈ ਸਾਵਧਾਨੀ ਕਾਫੀ ਜ਼ਰੂਰੀ ਹੈ, ਉਹ ਵੀ ਮੈਂ ਵਰਤ ਰਿਹਾ ਹਾਂ ਅਤੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰ ਰਿਹਾਂ ਹਾਂ।