ਖੰਭੇ ਨਾਲ ਟਕਰਾਉਣ ਮਗਰੋਂ Audi ਕਾਰ ਦੇ ਉਡੇ ਪਰਖੱਚੇ, DMK ਵਿਧਾਇਕ ਦੇ ਪੁੱਤਰ ਸਮੇਤ 7 ਲੋਕਾਂ ਦੀ ਮੌਤ
Wednesday, Sep 01, 2021 - 11:25 AM (IST)
ਬੇਂਗਲੁਰੂ (ਭਾਸ਼ਾ)— ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਦੇ ਕੋਰਾਮੰਗਲਾ ’ਚ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਤੇਜ਼ ਰਫ਼ਤਾਰ ਨਾਲ ਜਾ ਰਹੀ ਆਡੀ ਕਾਰ ਸਟਰੀਟ ਲਾਈਟ ਖੰਭੇ ਨਾਲ ਟਕਰਾ ਕੇ ਪਲਟ ਗਈ, ਜਿਸ ਕਾਰਨ ਉਸ ਵਿਚ 7 ਲੋਕਾਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿਚ ਤਾਮਿਲਨਾਡੂ ਵਿਧਾਨ ਸਭਾ ਦੇ ਦਰਮੁਕ (ਡੀ. ਐੱਮ. ਕੇ.) ਦੇ ਵਿਧਾਇਕ ਵਾਈ ਪ੍ਰਕਾਸ਼ ਦਾ ਪੁੱਤਰ ਵੀ ਸ਼ਾਮਲ ਹੈ। ਬੇਂਗਲੁਰੂ ਪੁਲਸ ਦੇ ਪੂਰਬੀ ਡਿਵੀਜ਼ਨ ਦੇ ਡਿਪਟੀ ਕਮਿਸ਼ਨਰ ਸ਼ਾਂਤਾਰਾਜੂ ਨੇ ਦੱਸਿਆ ਕਿ ਹਾਦਸਾ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਕਰੀਬ ਦੋ ਵਜੇ ਵਾਪਰਿਆ।
ਇਸ ਹਾਦਸੇ ਵਿਚ 3 ਔਰਤਾਂ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਤਾਮਿਲਨਾਡੂ ਦੇ ਹੋਸੁਰ ਤੋਂ ਵਿਧਾਇਕ ਵਾਈ ਪ੍ਰਕਾਸ਼ ਦੇ ਇਕਲੌਤੇ ਪੁੱਤਰ ਵਾਈ ਕਰੁਣਾ ਸਾਗਰ ਦੀ ਇਸ ਹਾਦਸੇ ’ਚ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਲਗਜ਼ਰੀ ਗੱਡੀ ਦੇ ਖੰਭੇ ਨਾਲ ਟੱਕਰ ਇੰਨੀ ਜ਼ੋਰਦਾਰ ਸੀ ਕਿ 6 ਲੋਕਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਇਕ ਪੀੜਤ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ ਵਿਚ ਕਾਰ ਦੇ ਪਰਖੱਚੇ ਉਡ ਗਏ। ਬਹੁਤ ਮੁਸ਼ੱਕਤ ਮਗਰੋਂ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਕਾਰ ’ਚੋਂ ਕੱਢਿਆ ਗਿਆ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਾਦਸੇ ਦੀਆਂ ਤਸਵੀਰਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਹਾਦਸੇ ਦੇ ਸਮੇਂ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਰਹੀ ਹੋਵੇਗੀ। ਕਾਰ ਦੇ ਬੋਨਟ, ਕਾਰ ਅੰਦਰ ਦਾ ਹਿੱਸਾ ਅਤੇ ਇੱਥੋਂ ਤੱਕ ਕਿ ਪਹੀਏ ਵੀ ਪੂਰੀ ਤਰ੍ਹਾਂ ਨੁਕਸਾਨੇ ਗਏ। ਫ਼ਿਲਹਾਲ ਪੁਲਸ ਇਸ ਦੁਖ਼ਦ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਸ ਕਮਿਸ਼ਨਰ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਡਰਾਈਵਰ ਨੇ ਸ਼ਰਾਬ ਤਾਂ ਨਹੀਂ ਪੀਤੀ ਸੀ।
ਓਧਰ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਦਰਮੁਕ ਪ੍ਰਧਾਨ ਐੱਮ. ਕੇ. ਸਟਾਲਿਨ ਨੇ ਇਸ ਹਾਦਸੇ ਵਿਚ ਪਾਰਟੀ ਵਿਧਾਇਕ ਦੇ ਪੁੱਤਰ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਘਟਨਾ ’ਤੇ ਹੈਰਾਨ ਅਤੇ ਦੁਖੀ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਚੇਨਈ ਵਿਚ ਜਾਰੀ ਬਿਆਨ ਵਿਚ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਵੇਂ ਪ੍ਰਕਾਸ਼ ਨੂੰ ਦਿਲਾਸਾ ਦੇਵਾਂ, ਜਿਨ੍ਹਾਂ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ। ਉਨ੍ਹਾਂ ਨੇ ਮਿ੍ਰਤਕ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ ਜ਼ਾਹਰ ਕੀਤਾ।