ਬੰਗਾਲ ਸਕੂਲ ਭਰਤੀ ਘਪਲਾ : ਈ. ਡੀ. ਨੇ ਕੁਰਕ ਕੀਤੀ 163 ਕਰੋੜ ਰੁਪਏ ਦੀ ਜਾਇਦਾਦ

Sunday, Oct 27, 2024 - 12:27 AM (IST)

ਨਵੀਂ ਦਿੱਲੀ, (ਭਾਸ਼ਾ)- ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ਨੀਵਾਰ ਨੂੰ ਦੱਸਿਆ ਕਿ ਉਸ ਨੇ ਪੱਛਮੀ ਬੰਗਾਲ ਸਕੂਲ ਸੇਵਾ ਕਮਿਸ਼ਨ (ਡਬਲਿਊ. ਬੀ. ਐੱਸ. ਐੱਸ. ਸੀ.) ਵੱਲੋਂ ਸਮੂਹ ‘ਗ ਅਤੇ ‘ਘ’ ਸ਼੍ਰੇਣੀ ਦੇ ਕਰਮਚਾਰੀਆਂ ਦੀ ਭਰਤੀ ’ਚ ਹੋਏ ‘ਘਪਲੇ’ ’ਚ ਤਾਜ਼ਾ ਕਾਰਵਾਈ ਕਰਦੇ ਹੋਏ ਕਥਿਤ ਮੁੱਖ ਵਿਚੋਲੀਏ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ ਦੀ 163 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਕੁਰਕ ਕੀਤੀ ਹੈ।

ਸੰਘੀ ਏਜੰਸੀ ਨੇ ਇਸ ਤੋਂ ਪਹਿਲਾਂ ਸਹਾਇਕ ਅਧਿਆਪਕਾਂ ਦੀ ਭਰਤੀ ’ਚ ਕਥਿਤ ਬੇਨਿਯਮੀਆਂ ਦੇ ਸਿਲਸਿਲੇ ’ਚ 230.6 ਕਰੋੜ ਰੁਪਏ ਦੀ ਜਾਇਦਾਦ ਅਤੇ ਪੱਛਮੀ ਬੰਗਾਲ ’ਚ ਪ੍ਰਾਇਮਰੀ ਅਧਿਆਪਕ ਭਰਤੀ ਘਪਲੇ ’ਚ 151 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਦੋਵੇਂ ਭਰਤੀਆਂ ਡਬਲਿਊ. ਬੀ. ਐੱਸ. ਐੱਸ. ਸੀ. ਵੱਲੋਂ ਕੀਤੀਆਂ ਗਈਆਂ ਸਨ।

ਕੇਂਦਰੀ ਏਜੰਸੀ ਨੇ ਇਕ ਬਿਆਨ ’ਚ ਕਿਹਾ ਕਿ ਇਸ ਮਾਮਲੇ ’ਚ ਮੁੱਖ ਵਿਚੋਲੀਏ ਪ੍ਰਸੰਨ ਕੁਮਾਰ ਰਾਏ, ਉਨ੍ਹਾਂ ਦੀ ਪਤਨੀ ਕਾਜਲ ਸੋਨੀ ਰਾਏ ਅਤੇ ਰਾਏ ਵੱਲੋਂ ਕੰਟਰੋਲ ਅਤੇ ਸੰਚਾਲਿਤ ਸ਼੍ਰੀ ਦੁਰਗਾ ਡੀਲ ਕਾਮ ਪ੍ਰਾਈਵੇਟ ਲਿਮਟਿਡ ਨਾਮਕ ਕੰਪਨੀ ਦੇ 5 ਹੋਟਲ ਅਤੇ ਰਿਜ਼ਾਰਟ, 230 ਪਲਾਟ, 17 ਫਲੈਟ ਅਤੇ ਦੁਕਾਨਾਂ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ. ਐੱਮ. ਐੱਲ. ਏ.) ਤਹਿਤ ਅਸਥਾਈ ਤੌਰ ’ਤੇ ਕੁਰਕ ਕੀਤੀਆਂ ਗਈਆਂ ਹਨ। ਈ. ਡੀ. ਨੇ ਦੱਸਿਆ ਕਿ ਕੁਰਕ ਕੀਤੀ ਜਾਇਦਾਦ ਦੀ ਕੁੱਲ ਕੀਮਤ ਲੱਗਭਗ 163.20 ਕਰੋੜ ਰੁਪਏ ਹੈ।

ਜਾਂਚ ਏਜੰਸੀ ਨੇ ਦੱਸਿਆ ਕਿ ਕੁਰਕ ਕੀਤੀਆਂ ਗਈਆਂ ਜਾਇਦਾਦਾਂ ’ਚ ਹਾਵਡ਼ਾ ਦੇ ਸ਼ਿਆਮਪੁਰ ਸਥਿਤ ਚਲੰਕਿਤਾ ਰਿਜ਼ਾਰਟ, ਸੁੰਦਰਬਨ ਸਥਿਤ ਰਾਇਲ ਬੰਗਾਲ ਰਿਜ਼ਾਰਟ, ਦੀਘਾ ਸਥਿਤ ਹੋਟਲ ਮਿਲੀ (ਰੂਬੀਨਾ), ਜਲਪਾਈਗੁੜੀ ਸਥਿਤ ਹੋਟਲ ਮੂਰਤੀ ਅਤੇ ਅਲੀਪੁਰਦਵਾਰ ਸਥਿਤ ਬੈਂਬੂ ਵਿਲੇਜ ਰਿਜ਼ਾਰਟ ਸ਼ਾਮਲ ਹਨ।


Rakesh

Content Editor

Related News