ਸਿਆਸੀ ਪਰਿਵਾਰ ਨਾਲ ਜੁੜਿਆ ਹੋਣਾ ਸਾਰੀ ਉਮਰ ਦੀ ਸਫਲਤਾ ਦੀ ਕੁੰਜੀ ਨਹੀਂ : ਉਮਰ ਅਬਦੁੱਲਾ
Sunday, Dec 15, 2024 - 09:32 PM (IST)
ਨਵੀਂ ਦਿੱਲੀ, (ਭਾਸ਼ਾ)- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਰਤੀ ਜਨਤਾ ਪਾਰਟੀ ਦੀ ਖਾਨਦਾਨੀ ਸਿਆਸਤ ਦੀ ਆਲੋਚਨਾ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਕਿਸੇ ਸਿਆਸੀ ਪਰਿਵਾਰ ਨਾਲ ਜੁੜੇ ਰਹਿਣਾ ਸਾਰੀ ਉਮਰ ਦੀ ਸਫਲਤਾ ਦੀ ਕੁੰਜੀ ਨਹੀਂ ਹੈ।
ਉਮਰ ਅਬਦੁੱਲਾ ਨੇ ਇਹ ਵੀ ਸਵਾਲ ਕੀਤਾ ਕਿ ਸੱਤਾਧਾਰੀ ਪਾਰਟੀ ਇਹ ਮੁੱਦਾ ਆਪਣੇ ਸਹਿਯੋਗੀਆਂ ਕੋਲ ਕਿਉਂ ਨਹੀਂ ਉਠਾਉਂਦੀ, ਜਿਨ੍ਹਾਂ ’ਤੇ ਭਾਈ-ਭਤੀਜਾਵਾਦ ਨੂੰ ਕਾਇਮ ਰੱਖਣ ਦਾ ਦੋਸ਼ ਲਾਇਆ ਜਾ ਸਕਦਾ ਹੈ? ਅਬਦੁੱਲਾ ਨੇ ਐਤਵਾਰ ਇਹ ਗੱਲ ਕਹੀ।
ਉਨ੍ਹਾਂ ਨੂੰ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਦੇ ਪਰਿਵਾਰ ਦੀ ਚੌਥੀ ਪੀੜ੍ਹੀ ਸਿਅਾਸਤ ’ਚ ਆਵੇਗੀ ਤੇ ਕੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਵਾਂਗ ਪਰਿਵਾਰਕ ਸਿਆਸਤ ਜਾਰੀ ਰੱਖਣ ਲਈ ਨਵੀਂ ਆਲੋਚਨਾ ਦਾ ਸਾਹਮਣਾ ਕਰਨਾ ਪਵੇਗਾ?
ਅਬਦੁੱਲਾ (54) ਦੇ ਦੋਵੇਂ ਪੁੱਤਰ ਜ਼ਮੀਰ ਤੇ ਜ਼ਹੀਰ ਵਕੀਲ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ ਦੇ ਮੁੱਦੇ ’ਤੇ ਸਖ਼ਤ ਸਿਆਸੀ ਟਿੱਪਣੀਆਂ ਕੀਤੀਆਂ ਸਨ।
ਸਤੰਬਰ ’ਚ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੌਰਾਨ ਅਬਦੁੱਲਾ ਦੇ ਪੁੱਤਰਾਂ ਨੇ ਅਾਪਣੇ ਪਿਤਾ ਨਾਲ ਜ਼ੋਰਦਾਰ ਪ੍ਰਚਾਰ ਕੀਤਾ ਸੀ। ਅਬਦੁੱਲਾ ਨੇ ਕਿਹਾ ਕਿ ਮੇਰੇ ਪੁੱਤਰ ਜੋ ਵੀ ਮੁਕਾਮ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਖੁਦ ਬਣਾਉਣਾ ਹੋਵੇਗਾ। ਥਾਲੀ ’ਚ ਰੱਖ ਕੇ ਕੋਈ ਕੁਝ ਨਹੀਂ ਦੇਵੇਗਾ।