ਹਿਮਾਚਲ ਹਾਦਸਾ : ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ
Monday, Jul 26, 2021 - 10:28 AM (IST)
ਸ਼ਿਮਲਾ- ਹਿਮਾਚਲ 'ਚ ਪਹਾੜੀਆਂ ਤੋਂ ਪੁਲ 'ਤੇ ਡਿੱਗੀਆਂ ਚੱਟਾਨਾਂ ਦਾ ਹਾਦਸਾ ਕਈ ਸੈਲਾਨੀਆਂ ਲਈ ਮੌਤ ਦਾ ਕਾਰਨ ਬਣਿਆ। ਕਿੰਨੌਰ ਜ਼ਿਲ੍ਹੇ 'ਚ ਜ਼ਮੀਨ ਖਿੱਸਕਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ 3 ਜ਼ਖਮੀ ਹੋ ਗਏ। ਮਰਨ ਵਾਲਿਆਂ 'ਚ ਇਕ ਡਾਕਟਰ ਦੀਪਾ ਸ਼ਰਮਾ ਵੀ ਸੀ। ਦੀਪਾ ਸਿਰਫ਼ 34 ਸਾਲ ਦੀ ਸੀ ਅਤੇ ਹਿਮਾਚਲ ਦੀ ਆਪਣੀ ਯਾਤਰਾ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੀ ਸੀ। ਆਪਣੀ ਮੌਤ ਤੋਂ ਕੁਝ ਮਿੰਟ ਪਹਿਲਾਂ ਉਸ ਨੇ ਆਪਣਾ ਇਕ ਫ਼ੋਟੋ ਵੀ ਟਵੀਟ ਕੀਤਾ ਸੀ। ਇਸ ਫ਼ੋਟੋ ਨਾਲ ਉਸ ਨੇ ਲਿਖਿਆ ਸੀ,''ਭਾਰਤ ਦੇ ਉਸ ਆਖ਼ਰੀ ਪੁਆਇੰਟ 'ਤੇ ਖੜ੍ਹੀ ਹਾਂ, ਜਿਸ ਦੇ ਅੱਗੇ ਜਾਣ ਦੀ ਨਾਗਰਿਕਾਂ ਨੂੰ ਮਨਜ਼ੂਰੀ ਨਹੀਂ। ਇਸ ਜਗ੍ਹਾ ਤੋਂ 80 ਕਿਲੋਮੀਟਰ ਦੂਰ ਤਿੱਬਤ ਦਾ ਬਾਰਡਰ ਹੈ, ਜਿਸ 'ਤੇ ਚੀਨ ਨੇ ਗੈਰ-ਕਾਨੂੰਨੀ ਕਬਜ਼ਾ ਕਰ ਰੱਖਿਆ ਹੈ।
ਇਸ ਟਵੀਟ ਦੇ ਕੁਝ ਦੇਰ ਬਾਅਦ ਹੀ ਉਨ੍ਹਾਂ ਦਾ ਟੈਂਪੂ ਟਰੈਵਲਰ ਜ਼ਮੀਨ ਖਿੱਸਕਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 4 ਜਨਾਨੀਆਂ ਦੀ ਮੌਤ ਹੋਈ ਸੀ। ਮਰਨ ਵਾਲਿਆਂ 'ਚ ਜ਼ਿਆਦਾਤਰ ਜੈਪੁਰ ਦੇ ਸਨ। ਖ਼ੁਦ ਦੀਪਾ ਵੀ ਜੈਪੁਰ ਦੀ ਹੀ ਸੀ। ਪੇਸ਼ੇ ਤੋਂ ਡਾਇਟੀਸ਼ੀਅਨ ਦੀਪਾ ਸ਼ਰਮਾ ਪਹਿਲੀ ਵਾਰ ਹਿਮਾਲਿਆ ਦੀ ਸੈਰ 'ਤੇ ਇਕੱਲੀ ਨਿਕਲੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਆਖ਼ਰੀ ਯਾਤਰਾ ਹੋਵੇਗੀ। ਦੀਪਾ ਦੇ ਦਿਹਾਂਤ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਨੇ ਉਸ ਨੂੰ ਸ਼ਰਧਾਂਜਲੀ ਦੇਣੀ ਸ਼ੁਰੂ ਕਰ ਦਿੱਤੀ। ਇਕ ਟਵਿੱਟਰ ਯੂਜ਼ਰ ਨੇ ਲਿਖਿਆ,''ਮੈਂ ਹਮੇਸ਼ਾ ਤੁਹਾਨੂੰ ਸੁਪਰ ਐਨਰਜੈਟਿਕ, ਫਨ ਲਵਿੰਗ ਅਤੇ ਖੂਬਸੂਰਤ ਸ਼ਖ਼ਸ ਦੇ ਤੌਰ 'ਤੇ ਯਾਦ ਰੱਖਾਂਗੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।''
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ’ਚ ਟੁੱਟਿਆ ਕੁਦਰਤ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ