ਭਾਰਤ ਨੂੰ ਸੌਂਪਣ ਤੋਂ ਪਹਿਲਾਂ ਪਾਕਿ ਨੇ ਅਭਿਨੰਦਨ ਦਾ ਵੀਡੀਓ ਬਿਆਨ ਕੀਤਾ ਰਿਕਾਰਡ

Saturday, Mar 02, 2019 - 02:01 AM (IST)

ਭਾਰਤ ਨੂੰ ਸੌਂਪਣ ਤੋਂ ਪਹਿਲਾਂ ਪਾਕਿ ਨੇ ਅਭਿਨੰਦਨ ਦਾ ਵੀਡੀਓ ਬਿਆਨ ਕੀਤਾ ਰਿਕਾਰਡ

ਲਾਹੌਰ/ਨਵੀਂ ਦਿੱਲੀ– ਪਾਇਲਟ ਅਭਿਨੰਦਨ ਵਰਧਮਾਨ ਨੂੰ ਸ਼ੁੱਕਰਵਾਰ ਵਾਹਗਾ ਸਰਹੱਦ 'ਤੇ ਭਾਰਤ ਨੂੰ ਸੌਂਪੇ ਜਾਣ 'ਤੇ ਦੇਰੀ ਇਸ ਲਈ ਹੋਈ ਕਿਉਂਕਿ ਉਨ੍ਹਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਕੈਮਰੇ 'ਤੇ ਬਿਆਨ ਦਰਜ ਕਰਵਾਉਣ ਲਈ ਕਿਹਾ। ਇਸ ਦੇ ਬਾਅਦ ਹੀ ਉਨ੍ਹਾਂ ਨੂੰ ਸਰਹੱਦ ਪਾਰ ਕਰ ਕੇ ਵਤਨ ਜਾਣ ਦਿੱਤਾ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਦਬਾਅ ਵਿਚ ਕੈਮਰੇ ਦੇ ਸਾਹਮਣੇ ਬਿਆਨ ਦੇਣ ਲਈ ਕਿਹਾ ਗਿਆ ਹੈ ਜਾਂ ਨਹੀਂ। ਇਸ ਵੀਡੀਓ ਵਿਚ 7 ਕੱਟ ਹਨ ਜੋ ਸੰਕੇਤ ਦਿੰਦੇ ਹਨ ਕਿ ਇਸਨੂੰ ਲੁਕਵੇਂ ਢੰਗ ਨਾਲ ਪਾਕਿਸਤਾਨੀ ਰੁਖ਼ ਅਨੁਸਾਰ ਕਰਨ ਲਈ ਇਸ ਵਿਚ ਬੜੀ ਕਾਂਟ-ਛਾਂਟ ਕੀਤੀ ਗਈ। ਪਾਕਿਸਤਾਨ ਸਰਕਾਰ ਨੇ ਸਥਾਨਕ ਸਮੇਂ ਅਨੁਸਾਰ ਰਾਤ 8.30 ਵਜੇ ਪਾਇਲਟ ਦਾ ਵੀਡੀਓ ਦਾ ਸੰਦੇਸ਼ ਸਥਾਨਕ ਮੀਡੀਆ ਨੂੰ ਜਾਰੀ ਕੀਤਾ। ਇਸ ਵੀਡੀਓ ਵਿਚ ਅਭਿਨੰਦਨ ਨੇ ਦੱਸਿਆ ਕਿ ਉਸਨੂੰ ਕਿਵੇਂ ਫੜਿਆ ਗਿਆ।

ਇਕ ਸੂਤਰ ਨੇ ਕਿਹਾ, ''ਉਨ੍ਹਾਂ ਦਾ ਵੀਡੀਓ ਸੰਦੇਸ਼ ਰਿਕਾਰਡ ਕਰਨ ਨਾਲ ਉਸਨੂੰ ਭਾਰਤ ਨੂੰ ਸੌਂਪਣ ਵਿਚ ਦੇਰੀ ਹੋਈ।'' ਵੀਡੀਓ ਸੰਦੇਸ਼ ਵਿਚ ਅਭਿਨੰਦਨ ਨੇ ਕਿਹਾ ਕਿ ਉਹ 'ਨਿਸ਼ਾਨਾ ਲੱਭਣ ਲਈ' ਪਾਕਿਸਤਾਨੀ ਹਵਾਈ ਇਲਾਕੇ ਵਿਚ ਦਾਖਲ ਹੋਇਆ ਪਰ ਉਸਦੇ ਜਹਾਜ਼ ਨੂੰ ਡੇਗ ਲਿਆ ਗਿਆ। ਉਨ੍ਹਾਂ ਕਿਹਾ,''ਜਦੋਂ ਮੈਂ ਨਿਸ਼ਾਨੇ ਦੀ ਖੋਜ ਵਿਚ ਸੀ ਤਾਂ ਤੁਹਾਡੀ (ਪਾਕਿਸਤਾਨੀ) ਹਵਾਈ ਫੌਜ ਨੇ ਮੇਰੇ ਜਹਾਜ਼ ਨੂੰ ਸੁੱਟ ਲਿਆ। ਮੈਨੂੰ ਜਹਾਜ਼ ਵਿਚੋਂ ਛਾਲ ਮਾਰਨੀ ਪਈ ਕਿਉਂਕਿ ਜਹਾਜ਼ ਦਾ ਬੜਾ ਨੁਕਸਾਨ ਹੋਇਆ ਸੀ। ਜਿਉਂ ਹੀ ਮੈਂ ਬਾਹਰ ਕੁੱਦਿਆ ਅਤੇ ਮੇਰਾ ਪੈਰਾਸ਼ੂਟ ਖੁੱਲ੍ਹਿਆ ਤਾਂ ਮੈਂ ਹੇਠਾਂ ਆ ਡਿੱਗਿਆ, ਮੇਰੇ ਕੋਲ ਪਿਸਤੌਲ ਸੀ।''

ਅਭਿਨੰਦਨ ਨੇ ਕਿਹਾ,''ਉਥੇ ਕਾਫੀ ਲੋਕ ਸਨ, ਮੇਰੇ ਕੋਲ ਬਚਣ ਦਾ ਇਕੋ ਹੀ ਰਸਤਾ ਸੀ, ਮੈਂ ਆਪਣਾ ਪਿਸਤੌਲ ਹੇਠਾਂ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ।'' ਉਨ੍ਹਾਂ ਕਿਹਾ,''ਲੋਕਾਂ ਨੇ ਮੇਰਾ ਪਿੱਛਾ ਕੀਤਾ, ਉਹ ਬੜੇ ਉਤੇਜਿਤ ਸਨ। ਤਦ ਉਥੇ ਪਾਕਿਸਤਾਨੀ ਫੌਜ ਦੇ ਦੋ ਅਧਿਕਾਰੀ ਆ ਗਏ ਅਤੇ ਮੈਨੂੰ ਬਚਾਅ ਲਿਆ। ਪਾਕਿਸਤਾਨੀ ਫੌਜ ਨੇ ਮੈਨੂੰ ਲੋਕਾਂ ਤੋਂ ਬਚਾਇਆ ਅਤੇ ਮੈਨੂੰ ਕੋਈ ਸੱਟ ਨਹੀਂ ਲੱਗਣ ਦਿੱਤੀ। ਉਹ ਮੈਨੂੰ ਆਪਣੀ ਯੂਨਿਟ ਵਿਚ ਲੈ ਗਏ, ਜਿਥੇ ਮੇਰਾ ਮੁੱਢਲਾ ਇਲਾਜ ਕੀਤਾ ਗਿਆ ਅਤੇ ਫਿਰ ਮੈਨੂੰ ਅਗਲੀ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ। ਉਥੇ ਮੇਰਾ ਇਲਾਜ ਹੋਇਆ। ਵਿੰਗ ਕਮਾਂਡਰ ਨੇ ਭਾਰਤੀ ਮੀਡੀਆ ਦੀ ਆਲੋਚਨਾ ਕਰਦਿਆਂ ਕਿਹਾ,''ਫੌਜ ਦੇ ਜਵਾਨਾਂ ਨੇ ਮੈਨੂੰ ਭੀੜ ਤੋਂ ਬਚਾਇਆ। ਪਾਕਿਸਤਾਨੀ ਫੌਜ ਬੜੀ ਪੇਸ਼ੇਵਰ ਹੈ ਅਤੇ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਹਾਂ।''
 


author

Inder Prajapati

Content Editor

Related News