ਕਾਲਕਾ ਤੋਂ ਪਹਿਲਾਂ ਕਿਸੇ ਵੀ ਦਿੱਲੀ ਕਮੇਟੀ ਪ੍ਰਧਾਨ ਨੇ ਸਿਆਸੀ ਪਾਰਟੀਆਂ ''ਚ ਸ਼ਮੂਲੀਅਤ ਨਹੀਂ ਕੀਤੀ: ਪਰਮਜੀਤ ਸਰਨਾ
Thursday, Oct 03, 2024 - 11:59 PM (IST)
ਨੈਸ਼ਨਲ ਡੈਸਕ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇਕ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਮੋਹਰੀ ਸੰਸਥਾਵਾਂ ਵਿੱਚੋਂ ਇੱਕ ਹੈ। ਇਸਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ। ਇਸਨੇ ਸਿੱਖ ਹਿੱਤਾਂ, ਗੁਰੂ ਘਰਾਂ ਦੇ ਪ੍ਰਬੰਧਾਂ ਅਤੇ ਸਿੱਖੀ ਪ੍ਰਚਾਰ ਅਤੇ ਪ੍ਰਸਾਰ ਲਈ ਅਨੇਕਾਂ ਕਾਰਜ ਕੀਤੇ ਹਨ। ਇਸਦੇ ਤਹਿਤ ਵੱਖ-ਵੱਖ ਸਮੇਂ ਦਿੱਲੀ ਕਮੇਟੀ ਦੇ ਆਗੂ ਸਿੱਖ ਮਸਲਿਆਂ ਸੰਬੰਧੀ ਸਮੇਂ-ਸਮੇਂ 'ਤੇ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਮੰਤਰੀਆਂ, ਅਧਿਕਾਰੀਆਂ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਮਿਲਦੇ ਰਹੇ ਹਨ ।
ਪਰ ਇਹ ਕਦੇ ਨਹੀਂ ਹੋਇਆ ਕਿ ਦਿੱਲੀ ਕਮੇਟੀ ਦਾ ਪ੍ਰਧਾਨ ਆਪਣੀ ਐਗਜੈਕਟਿਵ ਨਾਲ ਲੈ ਕੇ ਕਿਸੇ ਸਿਆਸੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਹਾਜ਼ਰੀ ਭਰੇ। ਜਿਸ ਤਰ੍ਹਾਂ ਹੁਣ ਹਰਮੀਤ ਸਿੰਘ ਕਾਲਕਾ ਭਰ ਰਿਹਾ ਹੈ। ਇਹ ਦਿੱਲੀ ਕਮੇਟੀ ਦੇ ਰੁਤਬੇ ਅਤੇ ਵੱਕਾਰ ਨੂੰ ਰੋਲਣ ਵਾਲੀ ਗੱਲ ਹੈ।
ਹਰਮੀਤ ਸਿੰਘ ਕਾਲਕਾ ਕੌਮ ਨੂੰ ਇਹ ਸਪੱਸ਼ਟ ਕਰੇ ਕਿ ਇਹ ਕਿਸ ਕਾਰਜ ਜਾਂ ਪੰਥਕ ਮਸਲੇ ਦੇ ਸੰਬੰਧ ਵਿੱਚ ਭਾਜਪਾ ਪ੍ਰਧਾਨ ਜੇ.ਪੀ. ਨੱਡਾ ਤੇ ਹੋਰ ਭਾਜਪਾ ਆਗੂਆਂ ਤੇ ਮੰਤਰੀਆਂ ਦੀ ਮੀਟਿੰਗ ਵਿੱਚ ਸਮੇਤ ਅਗਜੈਕਟਿਵ ਹਾਜ਼ਰ ਹੋਇਆ ਹੈ? ਤੇ ਇਹੋ ਜਿਹੀਆਂ ਹਾਜ਼ਰੀਆਂ ਭਰਕੇ ਸਵਾਏ ਆਪਣੀਆਂ ਨਿੱਜੀ ਲਾਲਸਾਵਾਂ ਪੂਰੀਆਂ ਕਰਵਾਉਣ ਦੇ ਇਸਨੇ ਕਿਹੜਾ ਕੌਮੀ ਮਸਲਾ ਸਰਕਾਰ ਕੋਲ਼ੋਂ ਜਾਂ ਭਾਜਪਾ ਕੋਲ਼ੋਂ ਹੱਲ ਕਰਵਾਇਆ ਹੈ?
ਹਰਮੀਤ ਸਿੰਘ ਕਾਲਕਾ ਨੂੰ ਜੇਕਰ ਆਪਣੇ ਲਈ ਜਾਂ ਆਪਣੀ ਪਤਨੀ ਲਈ ਭਾਜਪਾ ਦੀ ਵਿਧਾਨ ਸਭਾ ਚੋਣਾਂ ਲਈ ਟਿਕਟ ਚਾਹੀਦੀ ਹੈ ਤਾਂ ਉਹ ਪਹਿਲਾਂ ਦਿੱਲੀ ਕਮੇਟੀ ਦੇ ਪ੍ਰਧਾਨਗੀ ਤੋਂ ਅਸਤੀਫ਼ਾ ਦੇਵੇ ਅਤੇ ਫੇਰ ਜਿੱਥੇ ਮਰਜ਼ੀ ਹਾਜ਼ਰੀ ਭਰੇ । ਕਿਉਂਕਿ ਜੇਕਰ ਉਸਨੂੰ ਆਪਣਾ ਨਹੀਂ ਤੇ ਘੱਟੋ ਘੱਟ ਜਿਸ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੀ ਕੁਰਸੀ ਤੇ ਬੈਠਾ ਹੈ। ਉਸ ਅਹੁਦੇ ਤੇ ਰੁਤਬੇ ਤੇ ਕੌਮ ਜੀ ਪੱਗ ਦਾ ਖਿਆਲ ਤਾਂ ਕਰ ਲਵੇ।