ਬੈਟਰੀ ਅਤੇ ਈਂਧਨ ਖ਼ਤਮ, ਭਾਰਤ ਦੇ ਮੰਗਲਯਾਨ ਦੀ 8 ਸਾਲ ਬਾਅਦ ਵਿਦਾਈ
Monday, Oct 03, 2022 - 10:26 AM (IST)

ਬੇਂਗਲੁਰੂ (ਭਾਸ਼ਾ)- ਭਾਰਤ ਦੇ ਮੰਗਲਯਾਨ ਦਾ ਈਂਧਨ ਖਤਮ ਹੋ ਗਿਆ ਹੈ ਅਤੇ ਇਸ ਦੀ ਬੈਟਰੀ ਇਕ ਸੁਰੱਖਿਅਤ ਹੱਦ ਤੋਂ ਵੱਧ ਸਮੇਂ ਤੱਕ ਚੱਲਣ ਤੋਂ ਬਾਅਦ ਖ਼ਤਮ ਹੋ ਗਈ ਹੈ, ਜਿਸ ਨਾਲ ਇਹ ਕਿਆਸ ਲਾਏ ਜਾ ਰਹੇ ਹਨ ਕਿ ਦੇਸ਼ ਦੇ ਪਹਿਲੇ ਅੰਤਰ-ਗ੍ਰਹਿ ਉਪਗ੍ਰਹਿ ਮਿਸ਼ਨ ਨੇ ਆਖਰਕਾਰ ਆਪਣੀ ਲੰਬੀ ਪਾਰੀ ਪੂਰੀ ਕਰ ਲਈ ਹੈ।
450 ਕਰੋੜ ਰੁਪਏ ਦੀ ਲਾਗਤ ਵਾਲਾ ‘ਮਾਰਸ ਆਰਬਿਟਰ ਮਿਸ਼ਨ’ (ਐੱਮ. ਓ. ਐੱਮ.) 5 ਨਵੰਬਰ, 2013 ਨੂੰ ਪੀ. ਐੱਸ. ਐੱਲ. ਵੀ-ਸੀ-25 ਰਾਹੀਂ ਲਾਂਚ ਕੀਤਾ ਗਿਆ ਸੀ ਅਤੇ ਵਿਗਿਆਨੀਆਂ ਨੇ ਇਸ ਪੁਲਾੜ ਯਾਨ ਨੂੰ ਪਹਿਲੀ ਹੀ ਕੋਸ਼ਿਸ਼ ’ਚ 24 ਸਤੰਬਰ, 2014 ਨੂੰ ਮੰਗਲ ਗ੍ਰਹਿ ਦੇ ਪੰਧ ’ਚ ਸਫਲਤਾਪੂਰਵਕ ਸਥਾਪਿਤ ਕੀਤਾ ਸੀ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸੂਤਰਾਂ ਨੇ ਕਿਹਾ ਹੁਣ ਕੋਈ ਈਂਧਨ ਨਹੀਂ ਬਚਿਆ ਹੈ। ਸੈਟੇਲਾਈਟ ਦੀ ਬੈਟਰੀ ਖਤਮ ਹੋ ਗਈ ਹੈ। ਸੰਪਰਕ ਖਤਮ ਹੋ ਗਿਆ ਹੈ।’’ ਹਾਲਾਂਕਿ ਇਸਰੋ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਸਰੋ ਪਹਿਲਾਂ ਇਕ ਆਉਣ ਵਾਲੇ ਗ੍ਰਹਿਣ ਤੋਂ ਬਚਣ ਲਈ ਵਾਹਨ ਨੂੰ ਨਵੇਂ ਆਰਬਿਟ ’ਚ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ‘‘ਪਰ ਹਾਲ ਹੀ ’ਚ ਇਕ ਤੋਂ ਬਾਅਦ ਇਕ ਗ੍ਰਹਿਣ ਲੱਗੇ, ਜਿਨ੍ਹਾਂ ’ਚੋਂ ਇਕ ਸਾਢੇ ਸੱਤ ਘੰਟੇ ਤੱਕ ਚੱਲਿਆ।’’
ਇਸ ਦੇ ਨਾਲ ਹੀ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਕਿਉਂਕਿ ਸੈਟੇਲਾਈਟ ਬੈਟਰੀ ਨੂੰ ਸਿਰਫ ਇਕ ਘੰਟਾ ਅਤੇ 40 ਮਿੰਟ ਦੀ ਗ੍ਰਹਿ ਮਿਆਦ ਦੇ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਸੀ, ਇਸ ਲਈ ਇਕ ਲੰਬਾ ਗ੍ਰਹਿਣ ਲੱਗ ਜਾਣ ਨਾਲ ਬੈਟਰੀ ਲਗਭਗ ਖ਼ਤਮ ਹੋ ਗਈ। ਇਸਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਰਸ ਆਰਬਿਰਟਰ ਯਾਨ ਨੇ ਲੱਗਭਗ 8 ਸਾਲਾਂ ਤੱਕ ਕੰਮ ਕੀਤਾ, ਜਦਕਿ ਇਸ ਨੂੰ 6 ਮਹੀਨੇ ਦੀ ਸਮਰੱਥਾ ਮੁਤਾਬਕ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੇ ਆਪਣਾ ਕੰਮ ਬਾਖੂਬੀ ਕੀਤਾ ਅਤੇ ਮਹੱਤਵਪੂਰਨ ਵਿਗਿਆਨਕ ਨਤੀਜੇ ਪ੍ਰਾਪਤ ਕੀਤੇ।