ਖੁਰਾਕ ਪਦਾਰਥਾਂ ਦੇ ਦੇਸ਼ ਭਰ 'ਚ 26 ਹਜ਼ਾਰ ਸੈਂਪਲ ਫੇਲ
Monday, Jul 22, 2019 - 12:22 PM (IST)

ਬਠਿੰਡਾ/ਨਵੀਂ ਦਿੱਲੀ (ਵੈੱਬ ਡੈਸਕ) : ਮੁਨਾਫਾ ਕਮਾਉਣ ਦੀ ਹੋੜ ਕਿਸ ਤਰ੍ਹਾਂ ਇਨਸਾਨ ਨੂੰ ਜਾਨਵਰ ਬਣਾਉਣ 'ਤੇ ਤੁਲੀ ਹੈ, ਇਸ ਦੀ ਝਲਕ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਰਾਜ ਸਭਾ ਵਿਚ ਸ਼ੁੱਕਰਵਾਰ ਨੂੰ ਦਿੱਤੀ ਖੁਰਾਕ ਪਦਾਰਥ ਨਾਲ ਜੁੜੀ ਰਿਪੋਰਟ ਵਿਚ ਪੇਸ਼ ਕੀਤੀ ਹੈ।
ਰਾਮੇਸ਼ਵਰ ਤੇਲੀ ਨੇ ਰਾਜ ਸਭਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਭਰ ਵਿਚ 2018-19 ਵਿਚ ਖੁਰਾਕ ਪਦਾਰਥਾਂ ਦੇ 94,288 ਨਮੂਨੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 26,077 ਨਮੂਨੇ ਜਾਂਚ ਦੌਰਾਨ ਮਿਲਾਵਟੀ ਪਾਏ ਗਏ। ਦੋਸ਼ੀਆਂ 'ਤੇ ਕਾਰਵਾਈ ਕਰਦੇ ਹੋਏ ਸਰਕਾਰ ਨੇ 20,125 ਲੋਕਾਂ 'ਤੇ ਮੁਕੱਦਮੇ ਦਰਜ ਕੀਤੇ, ਜਿਨ੍ਹਾਂ ਵਿਚੋਂ 475 ਨੂੰ ਸਜ਼ਾ ਹੋ ਚੁੱਕੀ ਹੈ ਅਤੇ ਬਾਕੀਆਂ ਖਿਲਾਫ ਕੇਸ ਜਾਰੀ ਹੈ। ਨਾਲ ਹੀ ਸਰਕਾਰ ਨੇ ਜ਼ੁਰਮਾਨੇ ਦੇ 32 ਕਰੋੜ ਰੁਪਏ ਵੀ ਵਸੂਲ ਕੀਤੇ।
ਸਭ ਤੋਂ ਵੱਧ ਨਮੂਨੇ ਉਤਰ ਪ੍ਰਦੇਸ਼, ਪੰਜਾਬ ਅਤੇ ਗੁਜਰਾਤ ਤੋਂ ਲਏ ਗਏ। ਇਨ੍ਹਾਂ ਨਮੂਨਿਆਂ ਦੀ ਗਿਣਤੀ ਕਰਮਵਾਰ 22583, 11920 ਅਤੇ 9884 ਰਹੀ, ਜਦੋਂਕਿ ਦਾਦਰ ਅਤੇ ਨਾਗਰ ਹਵੇਲੀ ਤੋਂ ਸਿਰਫ 57 ਨਮੂਨੇ ਲਏ ਗਏ। ਤੇਲੀ ਨੇ ਅੱਗੇ ਕਿਹਾ ਕਿ ਖੁਰਾਕ ਸੁਰੱਖਿਆ ਕਮਿਸ਼ਨਰ ਸਮੇਂ-ਸਮੇਂ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਖੁਰਾਕ ਪਦਾਰਥਾਂ ਦੇ ਨਮੂਨੇ ਲੈਂਦੇ ਰਹਿੰਦੇ ਹਨ ਅਤੇ ਜ਼ਰੂਰਤ ਮੁਤਾਬਕ ਖੁਰਾਕ ਸੁਰੱਖਿਆ ਅਤੇ ਮਾਨਕ (ਐਫ.ਐਸ.ਐਸ.) ਅਧਿਨਿਯਮ 2006 ਤਹਿਤ ਕਾਰਵਾਈ ਕਰਦੇ ਹਨ।