ਦਰਿੰਦਗੀ ਦੀ ਸ਼ਿਕਾਰ ਕੁੜੀ ਨੇ ਕੀਤਾ ਆਤਮਦਾਹ, ਡੀਜ਼ਲ ਛਿੜਕ ਕੇ ਖ਼ੁਦ ਨੂੰ ਲਾਈ ਅੱਗ

Thursday, Aug 29, 2024 - 11:30 AM (IST)

ਦਰਿੰਦਗੀ ਦੀ ਸ਼ਿਕਾਰ ਕੁੜੀ ਨੇ ਕੀਤਾ ਆਤਮਦਾਹ, ਡੀਜ਼ਲ ਛਿੜਕ ਕੇ ਖ਼ੁਦ ਨੂੰ ਲਾਈ ਅੱਗ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਸਮੂਹਿਕ ਜਬਰ-ਜ਼ਿਨਾਹ ਤੋਂ ਦੁਖੀ ਕੁੜੀ ਨੇ ਆਤਮਦਾਹ ਕਰ ਆਪਣੀ ਜਾਨ ਦੇ ਦਿੱਤੀ। ਦਰਅਸਲ 26 ਅਗਸਤ ਨੂੰ ਇਕ ਕਿਸਾਨ ਦੀ ਨਾਬਾਲਗ ਧੀ ਨੂੰ ਦੋ ਦਰਿੰਦੇ ਗੰਨੇ ਦੇ ਖੇਤ 'ਚ ਲੈ ਗਏ ਅਤੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਧਿਰ ਦੇ ਦਬਦਬੇ ਤੋਂ ਘਬਰਾਏ ਪਰਿਵਾਰ ਨੇ ਇਸ ਮਾਮਲੇ 'ਚ ਪੁਲਸ ਕੋਲ ਸ਼ਿਕਾਇਤ ਨਹੀਂ ਕੀਤੀ। ਅਗਲੇ ਹੀ ਦਿਨ ਜਬਰ-ਜ਼ਿਨਾਹ ਦੀ ਸ਼ਿਕਾਰ ਕੁੜੀ ਨੇ ਖੁਦਕੁਸ਼ੀ ਕਰ ਲਈ। ਜਿਸ ਤੋਂ ਬਾਅਦ ਪਿਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ।

ਕੁੜੀ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ FIR ਮੁਤਾਬਕ ਇਹ ਘਟਨਾ ਸੋਮਵਾਰ ਨੂੰ ਭੋਜੀਪੁਰਾ ਇਲਾਕੇ ਦੇ ਇਕ ਪਿੰਡ 'ਚ ਵਾਪਰੀ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਕੁੜੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ 13 ਸਾਲਾ ਧੀ ਖੇਤ 'ਚ ਕੱਪੜੇ ਸੁਕਾਉਣ ਗਈ ਸੀ ਤਾਂ ਅੰਕਿਤ ਅਤੇ ਪੰਕਜ ਨਾਂ ਦੇ ਦੋ ਵਿਅਕਤੀ ਉਸ ਨੂੰ ਫੜ ਕੇ ਗੰਨੇ ਦੇ ਖੇਤ 'ਚ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। FIR ਮੁਤਾਬਕ ਕੁੜੀ ਦੀ ਚੀਕ ਸੁਣ ਕੇ ਉਸ ਦੀ ਭੈਣ ਦੇ ਉੱਥੇ ਪਹੁੰਚਣ 'ਤੇ ਮੁਲਜ਼ਮ ਭੱਜ ਗਏ।

ਕੁੜੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਇਸ ਘਟਨਾ ਨੇ ਉਨ੍ਹਾਂ ਦੀ ਧੀ 'ਤੇ ਇੰਨਾ ਮਾੜਾ ਅਸਰ ਪਿਆ ਕਿ ਉਸ ਨੇ ਮੰਗਲਵਾਰ ਨੂੰ ਆਤਮਦਾਹ ਕਰ ਲਿਆ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਮੁਕੇਸ਼ ਚੰਦਰ ਮਿਸ਼ਰਾ ਨੇ ਦੱਸਿਆ ਕਿ ਇਸ ਮਾਮਲੇ 'ਚ FIR ਦਰਜ ਕਰ ਲਈ ਗਈ ਹੈ ਅਤੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਜੇ ਦੀ ਭਾਲ ਜਾਰੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਕੁੜੀ 8ਵੀਂ ਜਮਾਤ ਦੀ ਵਿਦਿਆਰਥਣ ਸੀ। ਮਿਸ਼ਰਾ ਨੇ ਦੱਸਿਆ ਕਿ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Tanu

Content Editor

Related News