ਸਰਕਾਰੀ ਤੰਤਰ ਦੀ ਦੁਰਵਰਤੋਂ ਨਾਲ ਲੋਕਤੰਤਰ ਦਾ ਘਾਣ ਕਰ ਰਹੀ 'ਆਪ' ਸਰਕਾਰ : ਬਾਂਸੁਰੀ ਸਵਰਾਜ

Friday, Jan 16, 2026 - 06:26 PM (IST)

ਸਰਕਾਰੀ ਤੰਤਰ ਦੀ ਦੁਰਵਰਤੋਂ ਨਾਲ ਲੋਕਤੰਤਰ ਦਾ ਘਾਣ ਕਰ ਰਹੀ 'ਆਪ' ਸਰਕਾਰ : ਬਾਂਸੁਰੀ ਸਵਰਾਜ

ਨੈਸ਼ਨਲ ਡੈਸਕ- ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਾਇਆ ਹੈ ਕਿ ਉਹ ਇੱਕ ਸਿਸਟਮੈਟਿਕ ਤਰੀਕੇ ਨਾਲ ਲੋਕਤੰਤਰ ਦਾ ਦਮਨ ਕਰ ਰਹੀ ਹੈ। ਭਾਜਪਾ ਆਗੂ ਅਤੇ ਐੱਮ.ਪੀ. ਬਾਂਸੁਰੀ ਸਵਰਾਜ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਤੋਂ ਪੰਜਾਬ ਕੇਸਰੀ ਗਰੁੱਪ ਨੇ ਸਰਕਾਰ ਦੀਆਂ ਨੀਤੀਆਂ ਅਤੇ ਖਾਸ ਕਰਕੇ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ ਹੈ, ਉਦੋਂ ਤੋਂ ਹੀ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਇਸ ਮੀਡੀਆ ਹਾਊਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਬਾਂਸੁਰੀ ਸਵਰਾਜ ਨੇ ਦੱਸਿਆ ਕਿ 31 ਅਕਤੂਬਰ 2025 ਨੂੰ ਪੰਜਾਬ ਕੇਸਰੀ ਗਰੁੱਪ ਵੱਲੋਂ ਪ੍ਰਕਾਸ਼ਿਤ ਇੱਕ ਲੇਖ, ਜਿਸ ਵਿੱਚ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ, ਤੋਂ ਬਾਅਦ ਸਰਕਾਰ ਨੇ ਬਦਲਾਖੋਰੀ ਦੀ ਨੀਤੀ ਅਪਣਾਈ। 11 ਤੋਂ 15 ਜਨਵਰੀ ਦਰਮਿਆਨ ਪ੍ਰਦੂਸ਼ਣ ਕੰਟਰੋਲ ਬੋਰਡ, ਆਈ.ਟੀ. ਵਿਭਾਗ ਅਤੇ ਪੰਜਾਬ ਪੁਲਸ ਸਮੇਤ ਲਗਭਗ 9 ਸਰਕਾਰੀ ਤੰਤਰਾਂ ਦੀ ਵਰਤੋਂ ਕਰਕੇ ਪੰਜਾਬ ਕੇਸਰੀ ਦੀ ਜਲੰਧਰ ਪ੍ਰੈਸ ਅਤੇ ਹੋਰ ਵਪਾਰਕ ਟਿਕਾਣਿਆਂ, ਜਿਵੇਂ ਕਿ ਹੋਟਲਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਤੋਂ ਪਹਿਲਾਂ ਸਰਕਾਰੀ ਇਸ਼ਤਿਹਾਰਾਂ 'ਤੇ ਰੋਕ ਲਗਾ ਕੇ ਅਦਾਰੇ ਦਾ ਆਰਥਿਕ ਤੌਰ 'ਤੇ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ।

ਭਾਜਪਾ ਨੇ ਖੁਲਾਸਾ ਕੀਤਾ ਕਿ ਨਵੰਬਰ 2025 ਵਿੱਚ ਅੱਧੀ ਰਾਤ ਨੂੰ ਪੰਜਾਬ ਪੁਲਸ ਨੇ ਕਾਰਵਾਈ ਕਰਦਿਆਂ ਅਖ਼ਬਾਰ ਵੰਡਣ ਵਾਲੇ ਡਿਸਟ੍ਰੀਬਿਊਟਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਗੈਰ-ਕਾਨੂੰਨੀ ਤਰੀਕੇ ਨਾਲ ਜ਼ਬਤ ਕਰ ਲਏ। ਜਿਨ੍ਹਾਂ ਅਖ਼ਬਾਰਾਂ ਵਿੱਚ ਸਰਕਾਰ ਵਿਰੁੱਧ ਲੇਖ ਸਨ, ਉਨ੍ਹਾਂ ਨੂੰ ਸਾੜ ਦਿੱਤਾ ਗਿਆ। ਭਾਜਪਾ ਨੇ ਸਵਾਲ ਉਠਾਇਆ ਕਿ ਕੀ ਸਰਕਾਰ ਆਪਣੀ ਨਾਕਾਮੀ ਛੁਪਾਉਣ ਲਈ ਮੀਡੀਆ ਨੂੰ ਕੁਚਲਣਾ ਚਾਹੁੰਦੀ ਹੈ?

ਪ੍ਰੈਸ ਕਾਨਫਰੰਸ ਦੌਰਾਨ ਬਾਂਸੁਰੀ ਸਵਰਾਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਦਮਨ ਦੀ ਰਾਜਨੀਤੀ ਕੋਈ ਨਵੀਂ ਨਹੀਂ ਹੈ, ਬਲਕਿ ਇਹ 'ਆਪ' ਦਾ ਇੱਕ ਪੈਟਰਨ ਰਿਹਾ ਹੈ। ਦਿੱਲੀ ਵਿੱਚ ਕੋਵਿਡ ਦੌਰਾਨ ਪੱਤਰਕਾਰਾਂ ਨੂੰ ਵਟਸਐਪ ਗਰੁੱਪਾਂ ਵਿੱਚੋਂ ਕੱਢਣਾ ਹੋਵੇ ਜਾਂ 'ਸ਼ੀਸ਼ ਮਹਿਲ' ਦੀ ਸਟੋਰੀ ਕਰਨ ਵਾਲੀ ਮਹਿਲਾ ਪੱਤਰਕਾਰ ਨੂੰ ਲੁਧਿਆਣਾ ਵਿੱਚ ਗ੍ਰਿਫ਼ਤਾਰ ਕਰਨਾ, ਇਹ ਸਭ ਮੀਡੀਆ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹਨ। ਭਾਜਪਾ ਨੇ ਯਾਦ ਦਿਵਾਇਆ ਕਿ ਪੰਜਾਬ ਪੁਲਸ ਦੀ ਦੁਰਵਰਤੋਂ ਕੁਮਾਰ ਵਿਸ਼ਵਾਸ ਅਤੇ ਤੇਜਿੰਦਰ ਬੱਗਾ ਵਰਗੇ ਆਗੂਆਂ ਵਿਰੁੱਧ ਵੀ ਕੀਤੀ ਗਈ ਸੀ।

ਐਮਰਜੈਂਸੀ ਨਾਲ ਕੀਤੀ ਤੁਲਨਾ 

ਭਾਜਪਾ ਨੇ ਇਸ ਕਾਰਵਾਈ ਦੀ ਤੁਲਨਾ 1975 ਦੀ ਐਮਰਜੈਂਸੀ ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਤਤਕਾਲੀ ਕਾਂਗਰਸ ਸਰਕਾਰ ਨੇ ਪ੍ਰਿੰਟਿੰਗ ਪ੍ਰੈਸਾਂ 'ਤੇ ਹਮਲੇ ਕੀਤੇ ਸਨ, ਅੱਜ ਉਹੀ ਹਾਲਾਤ ਪੰਜਾਬ ਵਿੱਚ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਇਸ ਦਾ ਦਮਨ ਕਰਨ ਵਾਲਿਆਂ ਦਾ ਪਤਨ ਨਿਸ਼ਚਿਤ ਹੈ। ਭਾਜਪਾ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਵਿੱਚ 'ਆਪ' ਸਰਕਾਰ ਦੀ ਉਲਟੀ ਗਿਣਤੀ ਹੁਣ ਸ਼ੁਰੂ ਹੋ ਚੁੱਕੀ ਹੈ।


author

Rakesh

Content Editor

Related News