ਦੀਵਾਲੀ ਤੋਂ ਪਹਿਲਾਂ ਬੈਂਕਾਂ 'ਚ ਹੜਤਾਲ, BOB ਨੇ ਗਾਹਕਾਂ ਲਈ ਜਾਰੀ ਕੀਤਾ ਇਹ ਅਲਰਟ

10/19/2019 1:31:37 PM

ਨਵੀਂ ਦਿੱਲੀ — ਸਰਕਾਰੀ ਬੈਂਕਾਂ ਦੇ ਰਲੇਵੇਂ ਦੇ ਖਿਲਾਫ ਬੈਂਕ ਕਰਮਚਾਰੀਆਂ ਦੇ ਦੋ ਵੱਡੇ ਸੰਗਠਨਾਂ ਨੇ 22 ਅਕਤੂਬਰ ਯਾਨੀ ਕਿ ਮੰਗਲਵਾਰ ਨੂੰ ਰਾਸ਼ਟਰੀ ਪੱਧਰ 'ਤੇ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਇਸ ਹੜਤਾਲ ਕਾਰਨ ਜ਼ਿਆਦਾਤਰ ਸਰਕਾਰੀ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਅਜਿਹੇ 'ਚ ਬੈਂਕ ਦੇ ਗਾਹਕਾਂ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। 

SBI ਨੇ ਕਿਹਾ-ਨਹੀਂ ਹੋਵੇਗਾ ਜ਼ਿਆਦਾ ਅਸਰ

ਭਾਰਤੀ ਸਟੇਟ ਬੈਂਕ ਨੂੰ ਉਮੀਦ ਹੈ ਕਿ ਇਸ ਹੜਤਾਲ ਦਾ ਬੈਂਕ ਦੇ ਗਾਹਕਾਂ 'ਤੇ ਜ਼ਿਆਦਾ ਅਸਰ ਨਹੀਂ ਹੋਵੇਗਾ। ਸਟੇਟ ਬੈਂਕ ਮੁਤਾਬਕ ਬੈਂਕ ਦੇ ਬਹੁਤ ਹੀ ਘੱਟ ਅਜਿਹੇ ਕਰਮਚਾਰੀ ਹਨ ਜਿਹੜੇ ਕਿ ਹੜਤਾਲ ਕਰਨ ਵਾਲੀ ਯੂਨੀਅਨ ਦਾ ਹਿੱਸਾ ਹਨ। ਇਸ ਕਾਰਨ ਹੜਤਾਲ ਦਾ ਬੈਂਕ ਦੇ ਕੰਮਕਾਜ 'ਤੇ ਬਹੁਤ ਘੱਟ ਅਸਰ ਹੋਵੇਗਾ। ਇਸ ਦੇ ਨਾਲ ਹੀ ਬੈਂਕ ਨੇ ਇਹ ਵੀ ਦੱਸਿਆ ਕਿ ਇਸ ਹੜਤਾਲ ਨਾਲ ਕਿੰਨਾ ਨੁਕਸਾਨ ਹੋਵੇਗਾ ਇਸ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ ਹੈ।

ਬੈਂਕ ਆਫ ਬੜੌਦਾ ਨੇ ਕੀਤਾ ਅਲਰਟ

ਇਸ ਦੌਰਾਨ ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਅਲਰਟ ਕਰਦਿਆਂ ਕਿਹਾ ਕਿ ਉਹ ਹੜਤਾਲ ਦੇ ਦਿਨ ਆਪਣੀਆਂ ਸਾਰੀਆਂ ਸ਼ਾਖਾਵਾਂ ਅਤੇ ਦਫਤਰਾਂ 'ਚ ਕੰਮਕਾਜ ਆਮ ਵਾਂਗ ਜਾਰੀ ਰੱਖਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ। ਇਸ ਦੇ ਨਾਲ ਹੀ ਬੈਂਕ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਹੜਤਾਲ ਹੁੰਦੀ ਹੈ ਤਾਂ ਬੈਂਕ ਦੀਆਂ ਸ਼ਾਖਾਵਾਂ ਅਤੇ ਦਫਤਰਾਂ ਦਾ ਕੰਮਕਾਜ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਸਕਦਾ ਹੈ।

ਦੀਵਾਲੀ 'ਤੇ ਵੀ ਬੰਦ ਰਹਿਣ ਵਾਲੇ ਹਨ ਬੈਂਕ

22 ਅਕਤੂਬਰ ਤੋਂ ਇਲਾਵਾ 26 ਅਕਤੂਬਰ ਨੂੰ ਸ਼ਨੀਵਾਰ ਹੋਣ ਦੇ ਕਾਰਨ ਦੇਸ਼ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ। ਇਸ ਦੇ ਨਾਲ ਹੀ 27 ਅਕਤੂਬਰ ਨੂੰ ਦੀਵਾਲੀ ਅਤੇ ਐਤਵਾਰ ਵੀ ਹੈ। ਇਸ ਲਈ 27 ਅਕਤੂਬਰ ਨੂੰ ਵੀ ਬੈਂਕ 'ਚ ਛੁੱਟੀ ਹੋਵੇਗੀ। ਦੀਵਾਲੀ ਦੇ ਬਾਅਦ 28 ਅਕਤੂਬਰ ਨੂੰ ਗੋਵਰਧਨ ਪੂਜਾ ਅਤੇ 29 ਅਕਤੂਬਰ ਨੂੰ ਭਾਈ ਦੂਜ ਦੇ ਕਾਰਨ ਦੇਸ਼ ਦੇ ਕਈ ਹਿੱਸਿਆਂ 'ਚ ਬੈਂਕ ਨਹੀਂ ਖੁੱਲਣਗੇ।

ਬੈਂਕ ਦੇ ਰਲੇਵੇਂ ਦੇ ਵਿਰੋਧ 'ਚ ਹੜਤਾਲ 

ਜ਼ਿਕਰਯੋਗ ਹੈ ਕਿ ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਅਤੇ ਭਾਰਤੀ ਬੈਂਕ ਕਰਮਚਾਰੀ ਯੂਨੀਅਨ ਨੇ 22 ਅਕਤਬੂਰ ਨੂੰ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਹ ਹੜਤਾਲ ਸਰਕਾਰ ਦੇ 10 ਬੈਂਕਾਂ ਦੇ ਰਲੇਵੇਂ ਦੇ ਵਿਰੋਧ 'ਚ ਬੁਲਾਈ ਗਈ ਹੈ। ਇਸ ਰਲੇਵੇਂ ਦੇ ਬਾਅਦ 4 ਨਵੇਂ ਬੈਂਕ ਵਜੂਦ 'ਚ ਆ ਜਾਣਗੇ। ਪੰਜਾਬ ਨੈਸ਼ਨਲ ਬੈਂਕ, ਓਰੀਐਂਟਲ ਬੈਂਕ ਆਫ ਕਾਮਰਸ ਅਤੇ ਯੂਨਾਇਟਿਡ ਬੈਂਕ ਦਾ ਰਲੇਵਾਂ ਕਰਕੇ ਇਸ ਨੂੰ ਦੇਸ਼ ਦਾ ਤੀਜਾ ਵੱਡਾ ਬੈਂਕ ਬਣਾਇਆ ਜਾਵੇਗਾ। ਯੂਨੀਅਨ ਬੈਂਕ ਆਫ ਇੰਡੀਆ, ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਨੂੰ ਇਕ 'ਚ ਮਿਲਾ ਕੇ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਬੈਂਕ ਬਣਾਇਆ ਜਾਵੇਗਾ। ਇੰਡੀਅਨ ਬੈਂਕ ਅਤੇ ਇਲਾਹਾਬਾਦ ਬੈਂਕ ਦਾ ਰਲੇਵਾਂ ਕਰਕੇ ਦੇਸ਼ ਦਾ ਸੱਤਵਾਂ ਸਭ ਤੋਂ ਵੱਡਾ ਬੈਂਕ ਬਣਾਇਆ ਜਾਵੇਗਾ। ਕੈਨਰਾ ਬੈਂਕ ਅਤੇ ਸਿੰਡੀਕੇਟ ਬੈਂਕ ਦਾ ਰਲੇਵਾਂ ਕਰਕੇ ਇਸ ਨੂੰ ਦੇਸ਼ ਦਾ ਚੌਥਾ ਸਭ ਤੋਂ ਵੱਡਾ ਬੈਂਕ ਬਣਇਆ ਜਾਵੇਗਾ। 


Related News