43 ਲੱਖ ਦੀ ਆਡੀ ਕਾਰ ਖ਼ਰਾਬ ਹੋਈ ਵਾਰ-ਵਾਰ, ਕੰਪਨੀ ’ਤੇ ਕੋਰਟ ਨੇ ਠੋਕਿਆ 1 ਲੱਖ ਦਾ ਜੁਰਮਾਨਾ
Saturday, Oct 03, 2026 - 08:25 PM (IST)
ਨਵੀਂ ਦਿੱਲੀ, (ਇੰਟ.)-ਕਰੀਬ 43 ਲੱਖ ਰੁਪਏ ਦੀ ਲਗਜ਼ਰੀ ਕਾਰ ਖ਼ਰੀਦਣ ਤੋਂ ਬਾਅਦ ਵਾਰ-ਵਾਰ ਖ਼ਰਾਬੀ ਤੋਂ ਪ੍ਰੇਸ਼ਾਨ ਇੱਕ ਖਪਤਕਾਰ ਨੂੰ ਕੰਜ਼ਿਊਮਰ ਕੋਰਟ ਤੋਂ ਰਾਹਤ ਮਿਲੀ ਹੈ। ਸਾਊਥ ਦਿੱਲੀ ਦੇ ਡਿਸਟ੍ਰਿਕਟ ਕੰਜ਼ਿਊਮਰ ਡਿਸਪਿਊਟਸ ਰਿਡ੍ਰੈਸਲ ਕਮਿਸ਼ਨ-II ਨੇ ਆਡੀ ਇੰਡੀਆ ਨੂੰ ਸੇਵਾ ਵਿਚ ਕਮੀ ਦਾ ਜ਼ਿੰਮੇਵਾਰ ਮੰਨਦੇ ਹੋਏ ਸ਼ਿਕਾਇਤਕਰਤਾ ਨੂੰ 1 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਕੰਪਨੀ ਨੂੰ ਤਿੰਨ ਮਹੀਨੇ ਦੇ ਅੰਦਰ ਇਹ ਰਕਮ ਦੇਣੀ ਹੋਵੇਗੀ। ਤੈਅ ਮਿਆਦ ਵਿਚ ਭੁਗਤਾਨ ਨਾ ਕਰਨ ’ਤੇ 6 ਫੀਸਦੀ ਸਾਲਾਨਾ ਵਿਆਜ ਵੀ ਦੇਣਾ ਪਵੇਗਾ।
ਖ਼ਰੀਦਣ ਤੋਂ ਇਕ ਮਹੀਨੇ ਬਾਅਦ ਸ਼ੁਰੂ ਹੋਈ ਪ੍ਰੇਸ਼ਾਨੀ
ਕਮਿਸ਼ਨ ਦੀ ਪ੍ਰੈਜ਼ੀਡੈਂਟ ਮੋਨਿਕਾ ਏ. ਸ਼੍ਰੀਵਾਸਤਵ ਅਤੇ ਮੈਂਬਰ ਕਿਰਨ ਕੌਸ਼ਲ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਮਹਿੰਗੀ ਕਾਰ ਖ਼ਰੀਦੀ ਸੀ। ਅਜਿਹੇ ਵਿਚ ਉਸ ਤੋਂ ਭਰੋਸੇਮੰਦ ਵਾਹਨ ਦੀ ਉਮੀਦ ਕੀਤੀ ਜਾਂਦੀ ਹੈ, ਨਾ ਕਿ ਅਜਿਹੀ ਕਾਰ ਦੀ ਜਿਸ ਨੂੰ ਵਾਰ-ਵਾਰ ਮੁਰੰਮਤ ਲਈ ਗੈਰਾਜ ਲੈ ਕੇ ਜਾਣਾ ਪਵੇ। ਕਮਿਸ਼ਨ ਨੇ ਇਹ ਹੁਕਮ 15 ਸਤੰਬਰ ਨੂੰ ਰਿਸ਼ਭ ਸ਼ਰਮਾ ਦੀ ਸ਼ਿਕਾਇਤ ’ਤੇ ਸੁਣਾਇਆ। ਸ਼ਰਮਾ ਨੇ 31 ਅਗਸਤ, 2021 ਨੂੰ 43,19,000 ਰੁਪਏ ਵਿਚ ਆਡੀ ਏ-4 40 ਟੀ. ਐੱਫ. ਐੱਸ. ਆਈ. ਪ੍ਰੀਮੀਅਮ ਪਲੱਸ ਖ਼ਰੀਦੀ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਖ਼ਰੀਦਣ ਤੋਂ ਕਰੀਬ ਇਕ ਮਹੀਨੇ ਬਾਅਦ ਹੀ ਕਾਰ ’ਚ ਦਿੱਕਤਾਂ ਸ਼ੁਰੂ ਹੋ ਗਈਆਂ।
ਬਰੇਕ ਲਾਉਣ ਤੋਂ ਬਾਅਦ ਵਧ ਗਈ ਕਾਰ ਦੀ ਸਪੀਡ
ਸ਼ਿਕਾਇਤਕਰਤਾ ਦੇ ਮੁਤਾਬਕ ਸਭ ਤੋਂ ਗੰਭੀਰ ਸਮੱਸਿਆ ਇਹ ਸੀ ਕਿ ਬਰੇਕ ਲਾਉਣ ਦੇ ਬਾਵਜੂਦ ਕਾਰ ਦੀ ਸਪੀਡ ਵਧ ਜਾਂਦੀ ਸੀ। 2 ਨਵੰਬਰ 2021 ਨੂੰ ਅਚਾਨਕ ਕਾਰ ਦੀ ਸਪੀਡ ਵਧਣ ਨਾਲ ਹਾਦਸਾ ਹੋ ਗਿਆ। ਇਸ ਦੁਰਘਟਨਾ ਵਿਚ ਸ਼ਰਮਾ ਦੇ ਗਿੱਟੇ ਵਿਚ ਸੱਟ ਆਈ ਅਤੇ ਉਹ ਕੁਝ ਸਮੇਂ ਤੱਕ ਫ਼ਲਾਈਟ ਨਹੀਂ ਉਡਾ ਸਕੇ। ਉਨ੍ਹਾਂ ਕਾਰ ਨੂੰ ਡੀਲਰ ਰੀਜੈਂਟ ਗੈਰਾਜ ਪ੍ਰਾਈਵੇਟ ਲਿਮਟਿਡ ਕੋਲ ਦਿਖਾਇਆ, ਪਰ ਇਸ ਤੋਂ ਬਾਅਦ ਵੀ ਵੱਖ-ਵੱਖ ਸਮੇਂ ’ਤੇ ਕਈ ਸਮੱਸਿਆਵਾਂ ਸਾਹਮਣੇ ਆਉਂਦੀਆਂ ਰਹੀਆਂ। ਇਨ੍ਹਾਂ ਵਿਚ ਸੰਨਰੂਫ਼ ਦਾ ਜਾਮ ਹੋਣਾ, ਏਅਰਬੈਗ ਲਾਈਟ ਦਾ ਟਿਮਟਿਮਾਉਣਾ, ਏਅਰ ਕੰਡੀਸ਼ਨਿੰਗ ਵਿਚ ਖ਼ਰਾਬੀ ਅਤੇ ਆਟੋਮੈਟਿਕ ਵਾਈਪਰ ਦਾ ਠੀਕ ਨਾਲ ਕੰਮ ਨਾ ਕਰਨਾ ਸ਼ਾਮਲ ਸੀ।
ਕੰਪਨੀ ਨੇ ਕਿਹਾ-5 ਤੋਂ 7 ਕਿਲੋਮੀਟਰ ਦੀ ਸਪੀਡ ਵਧਣਾ ਆਮ
ਆਡੀ ਇੰਡੀਆ ਅਤੇ ਉਸ ਦੇ ਡੀਲਰ ਨੇ ਕਾਰ ਵਿਚ ਮੈਨੂਫੈਕਚਰਿੰਗ ਡਿਫ਼ੈਕਟ ਹੋਣ ਦੇ ਦੋਸ਼ ਤੋਂ ਇਨਕਾਰ ਕੀਤਾ। ਉਨ੍ਹਾਂ ਦੀ ਦਲੀਲ ਸੀ ਕਿ ਬਰੇਕ ਛੱਡਣ ’ਤੇ ਕਾਰ ਦੀ ਸਪੀਡ 5 ਤੋਂ 7 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਧਣਾ ਆਮ ਹੈ ਅਤੇ ਇਹ ਇੰਜਣ ਦੇ ਆਈਡਲ ਆਰ.ਪੀ.ਐੱਮ. ਦੀ ਵਜ੍ਹਾ ਨਾਲ ਹੁੰਦਾ ਹੈ।
ਕਮਿਸ਼ਨ ਨੇ ਮੰਨਿਆ ਕਿ ਸ਼ਰਮਾ ਬ੍ਰੇਕਿੰਗ ਸਿਸਟਮ ਵਿਚ ਮੈਨੂਫੈਕਚਰਿੰਗ ਡਿਫ਼ੈਕਟ ਸਾਬਤ ਕਰਨ ਲਈ ਤਕਨੀਕੀ ਮਾਹਿਰ ਦੀ ਰਿਪੋਰਟ ਜਾਂ ਸਬੂਤ ਪੇਸ਼ ਨਹੀਂ ਕਰ ਸਕੇ। ਹਾਲਾਂਕਿ, ਰਿਕਾਰਡ ਤੋਂ ਇਹ ਸਪੱਸ਼ਟ ਹੋਇਆ ਕਿ ਕਾਰ ਖ਼ਰੀਦਣ ਦੇ ਪਹਿਲੇ ਹੀ ਸਾਲ ਵਿਚ ਉਨ੍ਹਾਂ ਨੂੰ ਵਾਰ-ਵਾਰ ਸਰਵਿਸ ਸੈਂਟਰ ਜਾਣ ਪਿਆ। ਇਸੇ ਆਧਾਰ ’ਤੇ ਕਮਿਸ਼ਨ ਨੇ ਆਡੀ ਇੰਡੀਆ ਨੂੰ ਸੇਵਾ ਵਿਚ ਕਮੀ ਦਾ ਜ਼ਿੰਮੇਵਾਰ ਮੰਨਿਆ ਅਤੇ 1 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ।
