ਜਿਸ ਦਾ ਬੈਂਕ ਖਾਤਾ ਉਸ ਨੂੰ ਲੈ ਆਓ! ਮਰੀ ਭੈਣ ਦੇ ਕੰਕਾਲ ਨੂੰ ਕਬਰ ''ਚ ਕੱਢ ਲੈ ਆਇਆ ਭਰਾ
Tuesday, Apr 28, 2026 - 01:21 PM (IST)
ਕਿਓਂਝਰ- ਓਡੀਸ਼ਾ ਦੇ ਕਿਓਂਝਰ ਜ਼ਿਲ੍ਹੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਭਰਾ ਆਪਣੀ ਮ੍ਰਿਤਕ ਭੈਣ ਦੇ ਬੈਂਕ ਖਾਤੇ 'ਚੋਂ ਪੈਸੇ ਕਢਵਾਉਣ ਲਈ ਉਸ ਦਾ ਕੰਕਾਲ ਕਬਰ 'ਚੋਂ ਕੱਢ ਕੇ ਬੈਂਕ ਲੈ ਆਇਆ। ਇਸ ਘਟਨਾ ਨੇ ਪੂਰੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ।
ਜਾਣਕਾਰੀ ਅਨੁਸਾਰ ਇਹ ਮਾਮਲਾ ਕਿਓਂਝਰ ਜ਼ਿਲ੍ਹੇ ਦੇ ਪਟਨਾ ਇਲਾਕੇ ਦੇ ਪਿੰਡ ਦਿਆਨਾਲੀ ਦਾ ਹੈ। ਇੱਥੋਂ ਦੇ ਰਹਿਣ ਵਾਲੇ ਜਿਤੂ ਮੁੰਡਾ ਦੀ ਭੈਣ ਦੀ ਕਰੀਬ 2 ਮਹੀਨੇ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ। ਉਸ ਦੀ ਭੈਣ ਨੇ ਆਪਣੀ ਜ਼ਿੰਦਗੀ 'ਚ ਪਸ਼ੂ ਵੇਚ ਕੇ ਲਗਭਗ 19,000 ਰੁਪਏ ਕਮਾਏ ਸਨ, ਜੋ ਉਸ ਨੇ ਓਡੀਸ਼ਾ ਗ੍ਰਾਮੀਣ ਬੈਂਕ ਦੀ ਇਕ ਸਥਾਨਕ ਸ਼ਾਖਾ 'ਚ ਜਮ੍ਹਾ ਕਰਵਾਏ ਹੋਏ ਸਨ। ਭੈਣ ਦੀ ਮੌਤ ਤੋਂ ਬਾਅਦ ਜਿਤੂ ਹੀ ਪਰਿਵਾਰ ਦਾ ਇਕੋ-ਇੱਕ ਮੈਂਬਰ ਸੀ। ਜਦੋਂ ਜਿਤੂ ਬੈਂਕ 'ਚੋਂ ਪੈਸੇ ਕਢਵਾਉਣ ਗਿਆ ਤਾਂ ਬੈਂਕ ਮੈਨੇਜਰ ਨੇ ਸਾਫ਼ ਕਿਹਾ ਜਾਂ ਤਾਂ ਖਾਤਾਧਾਰਕ ਨੂੰ ਲੈ ਕੇ ਆਓ ਜਾਂ ਫਿਰ ਡੈੱਥ ਸਰਟੀਫਿਕੇਟ ਅਤੇ ਕਾਨੂੰਨੀ ਵਾਰਿਸ ਹੋਣ ਦਾ ਪ੍ਰਮਾਣ ਦਿਓ। ਜਿਤੂ ਕੋਲ ਨਾ ਤਾਂ ਕੋਈ ਦਸਤਾਵੇਜ਼ ਸੀ ਅਤੇ ਨਾ ਹੀ ਇਨ੍ਹਾਂ ਪ੍ਰਕਿਰਿਆਵਾਂ ਦੀ ਜਾਣਕਾਰੀ। ਮਜਬੂਰ ਹੋ ਕੇ ਉਹ ਖ਼ਾਲੀ ਹੱਥ ਵਾਪਸ ਚਲਾ ਗਿਆ।
ਜਿਤੂ ਇਕ ਗਰੀਬ ਆਦਿਵਾਸੀ ਹੈ। ਉਸ ਲਈ ਡੈੱਥ ਸਰਟੀਫਿਕੇਟ ਬਣਵਾਉਣਾ, ਵਾਰਿਸ ਪ੍ਰਮਾਣ ਪੱਤਰ ਲੈਣਾ ਮੁਸ਼ਕਲ ਕੰਮ ਸੀ। ਨਾ ਪੜ੍ਹਾਈ, ਨਾ ਪੈਸੇ ਅਤੇ ਨਾ ਸਿਸਟਮ ਦੀ ਸਮਝ। ਬੈਂਕ ਦੇ ਸਖ਼ਤ ਜਵਾਬ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਿਆ। ਇਸ ਤੋਂ ਬਾਅਦ ਜਿਤੂ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਸਕਿਆ, ਤਾਂ ਉਸ ਨੇ ਇਕ ਖੌਫ਼ਨਾਕ ਕਦਮ ਚੁੱਕਿਆ। ਉਸ ਨੇ ਆਪਣੀ ਭੈਣ ਦੀ ਲਾਸ਼ ਨੂੰ ਕਬਰ 'ਚੋਂ ਬਾਹਰ ਕੱਢ ਲਿਆ ਅਤੇ ਕੰਕਾਲ ਨੂੰ ਮੋਢੇ 'ਤੇ ਰੱਖ ਕੇ 3 ਕਿਲੋਮੀਟਰ ਪੈਦਲ ਚੱਲ ਕੇ ਬੈਂਕ ਪਹੁੰਚ ਗਿਆ। ਉਸ ਨੇ ਬੈਂਕ ਦੇ ਬਾਹਰ ਕੰਕਾਲ ਰੱਖ ਦਿੱਤਾ ਅਤੇ ਉੱਥੇ ਹੀ ਧਰਨੇ 'ਤੇ ਬੈਠ ਕੇ ਤੁਰੰਤ ਪੈਸੇ ਦੇਣ ਦੀ ਮੰਗ ਕਰਨ ਲੱਗਾ। ਇਹ ਦ੍ਰਿਸ਼ ਦੇਖ ਕੇ ਆਸ-ਪਾਸ ਦੇ ਲੋਕ ਦੰਗ ਰਹਿ ਗਏ ਅਤੇ ਮੌਕੇ 'ਤੇ ਭੀੜ ਇਕੱਠੀ ਹੋ ਗਈ।
ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਿਤੂ ਮੁੰਡਾ ਨੂੰ ਸਮਝਾ ਕੇ ਉੱਥੋਂ ਹਟਾਇਆ। ਬਾਅਦ 'ਚ ਪ੍ਰਸ਼ਾਸਨ ਵੱਲੋਂ ਕੰਕਾਲ ਨੂੰ ਦੁਬਾਰਾ ਸਤਿਕਾਰ ਸਹਿਤ ਦਫ਼ਨਾਉਣ ਦਾ ਪ੍ਰਬੰਧ ਕੀਤਾ ਗਿਆ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਮਾਮਲੇ ਨੂੰ ਮਨੁੱਖੀ ਨਜ਼ਰੀਏ ਨਾਲ ਦੇਖਿਆ ਜਾਵੇਗਾ ਅਤੇ ਬੈਂਕ ਤੋਂ ਵੀ ਜਵਾਬ ਮੰਗਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
