ਬੰਗਲਾਦੇਸ਼ ਦੇ ਮੁੱਦੇ ''ਤੇ CM ਯੋਗੀ ਦਾ ਵੱਡਾ ਬਿਆਨ- ਇਕਜੁੱਟ ਰਹਾਂਗੇ ਤਾਂ ਸੁਰੱਖਿਅਤ ਰਹਾਂਗੇ
Monday, Aug 26, 2024 - 04:59 PM (IST)
ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਬੰਗਲਾਦੇਸ਼ 'ਚ ਹੋਈਆਂ ਗਲਤੀਆਂ ਭਾਰਤ 'ਚ ਨਹੀਂ ਹੋਣੀਆਂ ਚਾਹੀਦੀਆਂ। ਉਨ੍ਹਾਂ ਨੇ ਆਗਰਾ 'ਚ ਇਕ ਸਮਾਗਮ ਦੌਰਾਨ ਕਿਹਾ ਕਿ ਰਾਸ਼ਟਰ ਤੋਂ ਵੱਡਾ ਕੁਝ ਨਹੀਂ ਹੋ ਸਕਦਾ, ਰਾਸ਼ਟਰ ਤਦ ਹੀ ਮਜ਼ਬੂਤ ਹੋਵੇਗਾ ਜਦੋਂ ਅਸੀਂ ਸਾਰੇ ਇਕਜੁੱਟ ਰਹਾਂਗੇ। ਜੇਕਰ ਅਸੀਂ ਵੰਡੇ ਗਏ ਤਾਂ ਵੱਢੇ ਜਾਵਾਂਗੇ।
ਮੁੱਖ ਮੰਤਰੀ ਨੇ ਕਿਹਾ ਕਿ ਬੰਗਲਾਦੇਸ਼ 'ਚ ਵੇਖ ਰਹੇ ਹਾਂ ਨਾ, ਉਹ ਗਲਤੀਆਂ ਇੱਥੇ ਨਹੀਂ ਹੋਣੀਆਂ ਚਾਹੀਦੀਆਂ। ਅਸੀਂ ਇਕਜੁੱਟ ਰਹਾਂਗੇ, ਸੁਰੱਖਿਅਤ ਰਹਾਂਗੇ ਅਤੇ ਖੁਸ਼ਹਾਲੀ ਦੀਆਂ ਬੁਲੰਦੀਆਂ 'ਤੇ ਪਹੁੰਚਾਂਗੇ। ਬੰਗਲਾਦੇਸ਼ ਵਿਚ ਹਾਲ ਹੀ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਹੋਏ ਹਨ, ਜਿਸ ਕਾਰਨ ਪ੍ਰਧਾਨ ਮੰਤਰੀ ਅਹੁਦੇ ਤੋਂ ਸ਼ੇਖ ਹਸੀਨਾ ਨੂੰ ਹੱਟਣਾ ਪਿਆ ਅਤੇ ਦੇਸ਼ ਛੱਡਣਾ ਪਿਆ। ਹਾਲਾਂਕਿ ਇਸ ਤੋਂ ਬਾਅਦ ਵੀ ਗੁਆਂਢੀ ਦੇਸ਼ ਵਿਚ ਹਿੰਸਾ ਦੀਆਂ ਘਟਨਾਵਾਂ ਜਾਰੀ ਹਨ, ਜਿਨ੍ਹਾਂ ਵਿਚ ਹਿੰਦੂ ਘੱਟ ਗਿਣਤੀ ਭਾਈਚਾਰੇ 'ਤੇ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ।
ਮੁੱਖ ਮੰਤਰੀ ਆਦਿਤਿਆਨਾਥ ਨੇ ਵੀ 'ਐਕਸ' 'ਤੇ ਆਪਣੇ ਭਾਸ਼ਣ ਦੀ ਇਕ ਕਲਿੱਪ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਗਰਾ 'ਚ ਦੁਰਗਾਦਾਸ ਰਾਠੌੜ ਦੀ ਮੂਰਤੀ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਸਾਨੂੰ ਇਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨਾ ਹੋਵੇਗਾ। ਰਾਠੌੜ ਇਕ ਰਾਜਪੂਤ ਸਰਦਾਰ ਸਨ, ਜਿਨ੍ਹਾਂ ਨੂੰ 17 ਵੀਂ ਸਦੀ ਵਿਚ ਮਾਰਵਾੜ 'ਤੇ ਮੁਗਲਾਂ ਦੇ ਕਬਜ਼ੇ ਦੀਆਂ ਕੋਸ਼ਿਸ਼ਾਂ ਖਿਲਾਫ਼ ਅਗਵਾਈ ਕਰਨ ਲਈ ਜਾਣਿਆ ਜਾਂਦਾ ਹੈ।