PM ਮੋਦੀ ਦੇ ਢਾਕਾ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੇ CM ਰੁਪਾਣੀ ਨਾਲ ਕੀਤੀ ਮੁਲਾਕਾਤ

Tuesday, Mar 23, 2021 - 10:56 PM (IST)

PM ਮੋਦੀ ਦੇ ਢਾਕਾ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੇ CM ਰੁਪਾਣੀ ਨਾਲ ਕੀਤੀ ਮੁਲਾਕਾਤ

ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 26-27 ਮਾਰਚ ਨੂੰ ਢਾਕਾ ਦੌਰੇ 'ਤੇ ਜਾਣ ਵਾਲੇ ਹਨ। ਉਥੇ ਹੀ ਪੀ.ਐੱਮ. ਮੋਦੀ ਦੇ ਢਾਕਾ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਮੁਹੰਮਦ ਇਮਰਾਨ ਨੇ ਗੁਜਰਾਤ ਦੌਰਾ ਕੀਤਾ। ਮੁਹੰਮਦ ਇਮਰਾਨ 10 ਤੋਂ 13 ਮਾਰਚ ਦੌਰਾਨ ਗੁਜਰਾਤ ਦੌਰੇ 'ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਬੈਠਕਾਂ ਕੀਤੀਆਂ। ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਇਮਰਾਨ ਨੇ ਗੁਜਰਾਤ ਦੌਰੇ ਦੌਰਾਨ ਰਾਜਪਾਲ ਆਚਾਰਿਆ ਭੀਸ਼ਮ ਪਿਤਾਮਾ ਨਾਲ ਰਾਜ-ਮਹਿਲ ਵਿੱਚ ਮੁਲਾਕਾਤ ਕੀਤੀ। ਉਥੇ ਹੀ ਮੁੱਖ ਮੰਤਰੀ ਵਿਜੇ ਰੁਪਾਣੀ ਨੂੰ ਵੀ ਮਿਲਣ ਪੁੱਜੇ।

ਮੁਹੰਮਦ ਇਮਰਾਨ ਨੇ ਬੈਠਕਾਂ ਦੌਰਾਨ ਦੁਵੱਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ 'ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਉਹ ਸਾਬਰਮਤੀ ਆਸ਼ਰਮ ਵੀ ਗਏ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। 12 ਮਾਰਚ 1930 ਨੂੰ, ਗਾਂਧੀ ਜੀ ਨੇ ਇਸ ਇਤਿਹਾਸਕ ਆਸ਼ਰਮ ਤੋਂ ਨਮਕ ਸਤਿਆਗ੍ਰਹਿ/ ਦਾਂਡੀ ਮਾਰਚ ਦੀ ਅਗਵਾਈ ਕੀਤੀ ਸੀ। ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੇ ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿੱਚ ਸਟੈਚੂ ਆਫ ਯੂਨਿਟੀ ਦਾ ਵੀ ਦੌਰਾ ਕੀਤਾ ਅਤੇ ਸਰਦਾਰ ਬੱਲਭਭਾਈ ਪਟੇਲ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸਟੈਚੂ ਆਫ ਯੂਨਿਟੀ ਦੇ ਆਸਪਾਸ ਦੀ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਵੀ ਦੌਰਾ ਕੀਤਾ।

ਇਮਰਾਨ ਨੇ ਇਸ ਦੌਰਾਨ ਸਿੱਕਿਮ ਦੇ ਰਾਜਪਾਲ ਗੰਗਾ ਪ੍ਰਸਾਦ ਨਾਲ ਵੀ ਮੁਲਾਕਾਤ ਕੀਤੀ, ਦਰਅਸਲ ਉਹ ਵੀ ਸਟੈਚੂ ਆਫ ਯੂਨਿਟੀ ਦਾ ਦੌਰਾ ਕਰਨ ਪੁੱਜੇ ਸਨ। ਦੱਸ ਦਈਏ ਕਿ ਪੀ.ਐੱਮ. ਮੋਦੀ ਆਪਣੇ ਢਾਕਾ ਦੌਰੇ ਦੌਰਾਨ ਬੰਗਲਾਦੇਸ਼ ਦੀ ਆਜ਼ਾਦੀ ਦੇ ਗੋਲਡਨ ਜੁਬਲੀ ਸਮਾਗਮ ਅਤੇ ਇਸ ਦੇ ਸੰਸਥਾਪਕ ‘ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਦੀ ਜਯੰਤੀ ਵਿੱਚ ਸ਼ਿਰਕਤ ਕਰਣਗੇ। ਕੋਰੋਨਾ ਵਾਇਰਸ ਮਹਾਮਾਰੀ ਫੈਲਣ ਤੋਂ ਬਾਅਦ ਪੀ.ਐੱਮ. ਮੋਦੀ ਦੀ ਇਹ ਕਿਸੇ ਦੇਸ਼ ਦੀ ਪਹਿਲੀ ਯਾਤਰਾ ਹੋਵੇਗੀ ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News