ਜੈਸ਼ੰਕਰ ਨੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਨਾਲ ਕੀਤੀ ਮੁਲਾਕਾਤ
Tuesday, Aug 20, 2019 - 02:11 PM (IST)

ਢਾਕਾ/ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਨੇ ਬੰਗਲਾਦੇਸ਼ ਦੇ ਆਪਣੇ ਹਮਰੁਤਬਾ ਏ.ਕੇ. ਅਬਦੁੱਲ ਮੋਮੇਨ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਜੈਸ਼ੰਕਰ ਨੇ ਦੋ-ਪੱਖੀ ਸੰਬੰਧਾਂ ਨੰ ਮਜ਼ਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਬੈਠਕ 'ਸਟੇਟ ਗੈਸਟ ਹਾਊਸ' ਵਿਚ ਹੋਈ। ਮੋਮੇਨ ਆਪਣੇ ਭਾਰਤੀ ਹਮਰੁਤਬਾ ਲਈ ਦੁਪਹਿਰ ਦੇ ਭੋਜਨ ਦਾ ਆਯੋਜਨ ਕਰਨਗੇ। ਇਸ ਦੌਰੇ ਦੌਰਾਨ ਜੈਸ਼ੰਕਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਉਨ੍ਹਾਂ ਦੀ ਅਧਿਕਾਰਕ ਰਿਹਾਇਸ਼ ਵਿਚ ਮੁਲਾਕਾਤ ਕਰਨਗੇ।
ਇਸ ਤੋਂ ਪਹਿਲਾਂ ਜੈਸ਼ੰਕਰ ਨੇ 'ਬੰਗਬੰਧੁ ਸਮਾਰਕ ਮਿਊਜ਼ੀਅਮ' ਵਿਚ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਸਬੰਧੀ ਜੈਸ਼ੰਕਰ ਨੇ ਟਵੀਟ ਵੀ ਕੀਤਾ।
Deeply moved by the visit to Bangabandhu Memorial Museum. Paid respects to Sheikh Mujibur Rahman, Father of the Nation pic.twitter.com/tfY2J2BC88
— Dr. S. Jaishankar (@DrSJaishankar) August 20, 2019
ਦੱਸਣਯੋਗ ਹੈ ਕਿ ਇਹ ਮਿਊਜ਼ੀਅਮ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਧਾਨਮੰਡੀ ਇਲਾਕੇ ਵਿਚ ਹੈ। ਇਹ ਅਸਲ ਵਿਚ ਮੁਜੀਬੁਰ ਰਹਿਮਾਨ ਦੀ ਨਿੱਜੀ ਰਿਹਾਇਸ਼ ਸੀ। 1975 ਵਿਚ ਇਸੇ ਰਿਹਾਇਸ਼ ਵਿਚ ਉਨ੍ਹਾਂ ਦੀ ਪਰਿਵਾਰ ਦੇ ਜ਼ਿਆਦਾਤਰ ਮੈਂਬਰਾਂ ਸਮੇਤ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀਆਂ ਧੀਆਂ ਸ਼ੇਖ ਹਸੀਨਾ ਅਤੇ ਸ਼ੇਖ ਰੇਹਾਨਾ ਉਦੋਂ ਵਿਦੇਸ਼ ਵਿਚ ਸਨ, ਇਸ ਲਈ ਉਹ ਬਚ ਗਈਆਂ। ਹਸੀਨਾ ਇਸ ਸਮੇਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਹੈ।