ਇਸ ਸੂਬੇ 'ਚ ਬੰਦ ਦੀ ਕਾਲ; ਬੱਸਾਂ ਦੀ ਆਵਾਜਾਈ ਠੱਪ, ਯਾਤਰੀ ਪਰੇਸ਼ਾਨ

Saturday, Mar 22, 2025 - 04:56 PM (IST)

ਇਸ ਸੂਬੇ 'ਚ ਬੰਦ ਦੀ ਕਾਲ; ਬੱਸਾਂ ਦੀ ਆਵਾਜਾਈ ਠੱਪ, ਯਾਤਰੀ ਪਰੇਸ਼ਾਨ

ਨੈਸ਼ਨਲ ਡੈਸਕ- ਕੰਨੜ ਸਮਰਥਕ ਸੰਗਠਨਾਂ ਵਲੋਂ ਬੁਲਾਈ ਗਈ 12 ਘੰਟੇ ਦੀ ਬੰਦ ਦੀ ਕਾਲ ਦਾ ਅਸਰ ਕਰਨਾਟਕ ਵਿਚ ਵੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਕਈ ਹਿੱਸਿਆਂ ਵਿਚ ਕੰਨੜ ਸਮਰਥਕ ਸਮੂਹਾਂ ਵਲੋਂ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਕੰਨੜ ਪੱਖੀ ਸਮੂਹਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਦਿਆਰਥੀ ਸੰਗਠਨ 'ਕੰਨੜ ਓਕੁਟਾ' ਨੇ 22 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਰਾਜ ਵਿਆਪੀ ਬੰਦ ਦਾ ਐਲਾਨ ਕੀਤਾ ਸੀ। ਕੁਝ ਜਥੇਬੰਦੀਆਂ ਅਤੇ ਯੂਨੀਅਨਾਂ ਨੇ ਜਾਂ ਤਾਂ ਹੜਤਾਲ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ ਜਾਂ ਸਿਰਫ ਨੈਤਿਕ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ - ਮੈਡੀਕਲ ਸਟੋਰ, ਹਸਪਤਾਲ ਅਤੇ ਐਂਬੂਲੈਂਸ ਸੇਵਾਵਾਂ, ਪੈਟਰੋਲ ਪੰਪ ਅਤੇ ਮੈਟਰੋ ਸੇਵਾਵਾਂ ਚਾਲੂ ਰਹਿਣਗੀਆਂ।

ਕਿਉਂ ਦਿੱਤੀ ਗਈ ਬੰਦ ਦੀ ਕਾਲ?

ਦੱਸ ਦੇਈਏ ਕਿ ਕਰਨਾਟਕ ਦੇ ਬੇਲਗਾਵੀ ਵਿਚ ਪਿਛਲੇ ਮਹੀਨੇ ਇਕ ਸਰਕਾਰੀ ਬੱਸ ਕੰਡਕਟਰ 'ਤੇ ਹਮਲੇ ਦੇ ਵਿਰੋਧ ਵਿਚ ਕੰਨੜ ਸਮਰਥਕ ਸਮੂਹਾਂ ਵਲੋਂ ਬੰਦ ਦੀ ਕਾਲ ਦਿੱਤੀ ਗਈ, ਕਿਉਂਕਿ ਉਸ ਨੂੰ ਮਰਾਠੀ ਭਾਸ਼ਾ ਨਹੀਂ ਆਉਂਦੀ ਸੀ। ਜਿਸ ਕਾਰਨ ਭਾਸ਼ਾ ਵਿਵਾਦ ਵੱਧ ਗਿਆ। 

ਅਲਰਟ ਮੋਡ 'ਚ ਪ੍ਰਸ਼ਾਸਨ

ਪ੍ਰਦਰਸ਼ਨਕਾਰੀਆਂ ਨੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਵੀ ਬੰਦ ਦਾ ਸਮਰਥਕ ਦੇਣ ਦੀ ਮੰਗ ਕੀਤੀ। ਬੰਦ ਦੇ ਚੱਲਦੇ ਪੂਰੇ ਕਰਨਾਟਕ ਵਿਚ ਪੁਲਸ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਸ਼ਾਮ 6 ਵਜੇ ਤੱਕ ਇਸ ਬੰਦ ਦੌਰਾਨ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਅਲਰਟ ਮੋਡ 'ਚ ਹੈ। ਮੈਸੂਰ 'ਚ ਕੁਝ ਕੰਨੜ ਸਮਰਥਕਾਂ ਨੇ ਬੱਸ ਸਟੈਂਡ 'ਤੇ ਬੱਸਾਂ ਰੋਕ ਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਬੈਂਗਲੁਰੂ ਅਤੇ ਰਾਜ ਦੇ ਹੋਰ ਹਿੱਸਿਆਂ ਵੱਲ ਜਾਣ ਵਾਲੀਆਂ ਬੱਸਾਂ ਨੂੰ ਰੋਕਣ ਲਈ ਐਗਜ਼ਿਟ ਗੇਟ ਨੇੜੇ ਧਰਨਾ ਦਿੱਤਾ। ਕੰਨੜ ਪੱਖੀ ਸਮੂਹਾਂ ਦੇ ਕੁਝ ਮੈਂਬਰਾਂ ਨੂੰ ਸਾਵਧਾਨੀ ਵਜੋਂ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਉਨ੍ਹਾਂ ਨੇ ਮੈਸੂਰ ਵਿਚ ਇਕ KSRTC ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਬੱਸਾਂ ਦੀ ਆਵਾਜਾਈ ਠੱਪ, ਯਾਤਰੀ ਪਰੇਸ਼ਾਨ

ਬੇਲਾਗਾਵੀ ਦੇ ਸੂਤਰਾਂ ਨੇ ਕਿਹਾ ਕਿ ਕਰਨਾਟਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (KSRTC) ਬੱਸ ਸੇਵਾਵਾਂ ਆਮ ਤੌਰ 'ਤੇ ਜਾਰੀ ਹਨ ਪਰ ਮਹਾਰਾਸ਼ਟਰ ਤੋਂ ਉੱਤਰੀ ਕਰਨਾਟਕ ਤੱਕ ਇਸ ਸਰਹੱਦੀ ਸ਼ਹਿਰ ਵਿਚ ਬੱਸਾਂ ਦੀ ਆਵਾਜਾਈ ਠੱਪ ਹੈ, ਜਿਸ ਕਾਰਨ ਯਾਤਰੀ ਪਰੇਸ਼ਾਨ ਹਨ। ਬੇਲਗਾਵੀ ਵਿਚ ਇਕ ਬੱਸ ਕੰਡਕਟਰ 'ਤੇ ਹਮਲੇ ਤੋਂ ਇਲਾਵਾ ਹਾਲ ਹੀ ਵਿਚ ਬੇਲਾਗਾਵੀ ਦੇ ਕਿਨਯੇ ਪਿੰਡ ਵਿਚ ਪੰਚਾਇਤ ਅਧਿਕਾਰੀਆਂ ਨੂੰ ਮਰਾਠੀ 'ਚ ਗੱਲ ਨਾ ਕਰਨ ਕਾਰਨ ਮਾੜਾ ਵਤੀਰਾ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਮਹਾਰਾਸ਼ਟਰ ਦੀ ਸਰਹੱਦ 'ਤੇ ਸਥਿਤ ਬੇਲਾਗਾਵੀ ਵਿਚ ਮਰਾਠੀ ਲੋਕਾਂ ਦੀ ਵੱਡੀ ਆਬਾਦੀ ਹੈ, ਜਿੱਥੇ ਸਮੇਂ-ਸਮੇਂ 'ਤੇ ਸਰਹੱਦੀ ਵਿਵਾਦ ਹੁੰਦੇ ਰਹਿੰਦੇ ਹਨ।


 


author

Tanu

Content Editor

Related News