OMG! ਜੁਲਾਈ 'ਚ 1371 ਤੇ ਅਗਸਤ 'ਚ ਆਇਆ 9 ਲੱਖ ਬਿਜਲੀ ਦਾ ਬਿੱਲ!
Wednesday, Aug 14, 2024 - 05:46 PM (IST)
ਬਾਂਦਾ : ਯੂਪੀ ਦੇ ਬਾਂਦਾ ਜ਼ਿਲ੍ਹੇ ਤੋਂ ਬਿਜਲੀ ਵਿਭਾਗ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਦੰਗ ਰਹਿ ਗਿਆ। ਮਾਮਲਾ ਬਿਜਲੀ ਵਿਭਾਗ ਨਾਲ ਸਬੰਧਤ ਹੈ, ਜਿੱਥੇ ਵਿਭਾਗ ਨੇ ਘਰੇਲੂ ਖਪਤਕਾਰ ਨੂੰ ਇੱਕ ਮਹੀਨੇ ਵਿੱਚ 9 ਲੱਖ 87 ਹਜ਼ਾਰ 297 ਰੁਪਏ ਦਾ ਬਿੱਲ ਭੇਜਿਆ ਹੈ। ਇਹ ਦੇਖ ਕੇ ਮਹਿਲਾ ਖਪਤਕਾਰ ਦੇ ਹੋਸ਼ ਉੱਡ ਗਏ। ਇਸ ਸਬੰਧੀ ਉਹ ਤੁਰੰਤ ਬਿਜਲੀ ਵਿਭਾਗ ਦੇ ਦਫ਼ਤਰ ਪੁੱਜੀ। ਜਿੱਥੇ ਉਹ ਬਿਜਲੀ ਦੇ ਐੱਸਡੀਓ ਨੂੰ ਮਿਲੀ ਤੇ ਆਪਣੀ ਸਾਰੀ ਕਹਾਣੀ ਦੱਸੀ।
ਇਹ ਪੂਰਾ ਮਾਮਲਾ ਯੂਪੀ ਦੇ ਬਾਂਦਾ ਜ਼ਿਲ੍ਹੇ ਦੀ ਅਟਾਰਾ ਤਹਿਸੀਲ ਦੇ ਬਦੁਸ਼ਾ ਸ਼ਹਿਰ ਦਾ ਹੈ। ਜਿੱਥੇ ਸਾਵਿਤਰੀ ਦੇਵੀ ਪਤਨੀ ਸ਼ਿਵਰਾਮ ਬਾਜਪਾਈ ਨੇ ਦੱਸਿਆ ਕਿ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਦਾ ਮੀਟਰ 3753853000 ਹੈ ਜੋ ਕਿ ਇੱਕ ਕਿੱਲੋ ਵਾਟ ਦਾ ਹੈ। ਅੱਜ ਤੋਂ ਲਗਭਗ 14 ਸਾਲ ਪਹਿਲਾਂ ਲਾਇਆ ਗਿਆ। ਉਨ੍ਹਾਂ ਆਪਣੇ ਘਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਤਿੰਨ ਕਮਰੇ ਹਨ। ਜਿਸ ਵਿਚ ਸਿਰਫ਼ ਪਤੀ-ਪਤਨੀ ਹੀ ਰਹਿੰਦੇ ਹਨ। ਇੱਕ ਪੱਖਾ, ਕੂਲਰ ਅਤੇ ਤਿੰਨ-ਚਾਰ ਲਾਈਟਾਂ ਚਾਲੂ ਹਨ। ਪਿਛਲੇ ਮਹੀਨੇ 5 ਜੂਨ 2024 ਤੋਂ 6 ਜੁਲਾਈ ਤੱਕ ਬਿੱਲ 1371 ਰੁਪਏ ਆਇਆ ਸੀ। ਅਜੇ ਤੱਕ ਕੋਈ ਬਕਾਇਆ ਨਹੀਂ ਹੈ।
987297 ਰੁਪਏ ਦਾ ਬਿਜਲੀ ਬਿੱਲ ਦੇਖ ਕੇ ਖਪਤਕਾਰ ਹੈਰਾਨ
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ 7 ਅਗਸਤ 2024 ਨੂੰ ਮੀਟਰ ਰੀਡਰ ਜੈਪ੍ਰਕਾਸ਼ ਵੱਲੋਂ 160456 ਕੇਡਬਲਯੂਐੱਚ ਦਾ 9 ਲੱਖ 87 ਹਜ਼ਾਰ 297 ਰੁਪਏ ਦਾ ਬਿੱਲ ਖਪਤਕਾਰ ਨੂੰ ਦਿੱਤਾ ਗਿਆ। ਜਦੋਂਕਿ ਪਿਛਲੇ ਬਿੱਲ ਵਿੱਚ ਖਪਤਕਾਰ ਨੇ ਰੀਡਿੰਗ 16444 ਦੀ ਅਦਾਇਗੀ ਵੀ ਜਮ੍ਹਾਂ ਕਰਵਾਈ ਸੀ। ਇਸ ਤੋਂ ਬਾਅਦ ਵੀ ਬਿੱਲ ਜ਼ਿਆਦਾ ਆਇਆ।
ਐੱਸਡੀਓ ਨੇ ਕਹੀ ਕਾਰਵਾਈ ਦੀ ਗੱਲ
ਇਸ ਪੂਰੇ ਮਾਮਲੇ ਵਿੱਚ ਉਪ ਮੰਡਲ ਅਫ਼ਸਰ ਅਟਾਰਾ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਕਰਵਾਈ ਤਾਂ ਲਾਈਨਮੈਨ ਵੱਲੋਂ ਜੋ ਬਿੱਲ ਜਾਰੀ ਕਰ ਦਿੱਤਾ ਗਿਆ ਸੀ ਉਸ ਦੇ ਮੁਤਾਬਕ 8 ਅਗਸਤ 2024 ਨੂੰ ਖਪਤਕਾਰ ਦੀ ਮੀਟਰ ਰੀਡਿੰਗ 16670 ਯੂਨਿਟ ਪਾਈ ਗਈ, ਜਦੋਂ ਕਿ ਮੀਟਰ ਰੀਡਰ ਵੱਲੋਂ ਖਪਤਕਾਰ ਨੂੰ 160456 ਯੂਨਿਟ ਦਾ ਦਿੱਤਾ ਗਿਆ। ਉਧਰ, ਉਪ ਮੰਡਲ ਅਫ਼ਸਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਬੰਧਤ ਮੀਟਰ ਰੀਡਰ ਖ਼ਿਲਾਫ਼ ਕਾਰਵਾਈ ਦੀ ਗੱਲ ਕਹੀ ਹੈ।