''ਐਨਾਲਾਗ ਪਨੀਰ'' ਦੇ ਉਤਪਾਦਨ ਤੇ ਵਿਕਰੀ ''ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ, ਗੁਜਰਾਤ ਸਰਕਾਰ ਦਾ ਵੱਡਾ ਕਦਮ
Thursday, Aug 06, 2026 - 12:24 AM (IST)
ਅਹਿਮਦਾਬਾਦ : ਗੁਜਰਾਤ ਸਰਕਾਰ ਨੇ ਸੂਬੇ ਵਿੱਚ 'ਐਨਾਲਾਗ ਪਨੀਰ' (Analogue Paneer) ਦੇ ਉਤਪਾਦਨ ਅਤੇ ਵਿਕਰੀ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਮਿਲਾਵਟਖੋਰੀ ਵਿਰੁੱਧ ਇਸ ਨੂੰ ਇੱਕ ਬਹੁਤ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਕਲੀ ਖਾਣ-ਪੀਣ ਵਾਲੀਆਂ ਚੀਜ਼ਾਂ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਪੈਦਾ ਕਰ ਰਹੀਆਂ ਹਨ।
ਕੀ ਹੁੰਦਾ ਹੈ ਐਨਾਲਾਗ ਪਨੀਰ?
ਸੂਤਰਾਂ ਅਨੁਸਾਰ ਐਨਾਲਾਗ ਪਨੀਰ ਦੇਖਣ ਅਤੇ ਸਵਾਦ ਵਿੱਚ ਬਿਲਕੁਲ ਅਸਲੀ ਪਨੀਰ ਵਰਗਾ ਲੱਗਦਾ ਹੈ, ਪਰ ਇਹ ਦੁੱਧ ਤੋਂ ਨਹੀਂ ਬਣਿਆ ਹੁੰਦਾ। ਜਿੱਥੇ ਅਸਲੀ ਪਨੀਰ ਦੁੱਧ ਨੂੰ ਫਾੜ ਕੇ ਤਿਆਰ ਕੀਤਾ ਜਾਂਦਾ ਹੈ, ਉੱਥੇ ਹੀ ਐਨਾਲਾਗ ਪਨੀਰ ਬਣਾਉਣ ਲਈ ਵਨਸਪਤੀ ਤੇਲ (ਜਿਵੇਂ ਪਾਮ ਆਇਲ, ਨਾਰੀਅਲ ਤੇਲ), ਸਟਾਰਚ, ਮਿਲਕ ਪਾਊਡਰ, ਸੋਇਆ ਪ੍ਰੋਟੀਨ ਅਤੇ ਵੱਖ-ਵੱਖ ਕੈਮੀਕਲਾਂ ਨੂੰ ਪ੍ਰੋਸੈਸ ਕਰਕੇ ਪਨੀਰ ਵਰਗਾ ਆਕਾਰ ਦਿੱਤਾ ਜਾਂਦਾ ਹੈ।
ਇਹ ਪਾਬੰਦੀ ਅਜਿਹੇ ਸਮੇਂ ਲਗਾਈ ਗਈ ਹੈ ਜਦੋਂ ਸੂਬੇ ਵਿੱਚ ਨਕਲੀ ਖਾਣ-ਪੀਣ ਦੀਆਂ ਵਸਤੂਆਂ ਦੇ ਵੱਡੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ਵਿੱਚ ਅਹਿਮਦਾਬਾਦ ਵਿੱਚ ਪੁਲਸ ਨੇ 30,000 ਲੀਟਰ ਨਕਲੀ ਘਿਓ ਬਰਾਮਦ ਕੀਤਾ ਹੈ। ਇਸ ਘਿਓ ਨੂੰ ਬਣਾਉਣ ਲਈ 50 ਲੀਟਰ ਚੀਨੀ ਕੈਮੀਕਲ ਮਿਲਿਆ ਸੀ, ਜੋ ਪਾਮੋਲਿਨ ਤੇਲ ਨੂੰ ਦੇਸੀ ਘਿਓ ਵਰਗਾ ਬਣਾ ਦਿੰਦਾ ਸੀ। ਇਸ ਤੋਂ ਪਹਿਲਾਂ ਸੂਰਤ ਵਿੱਚ ਵੀ ਨਕਲੀ ਪਨੀਰ ਬਣਾਉਣ ਵਾਲੇ ਰੈਕੇਟ ਦਾ ਪਰਦਾਫਾਸ਼ ਹੋਇਆ ਸੀ, ਜਿੱਥੇ 900 ਕਿਲੋ ਤੋਂ ਲੈ ਕੇ 1,400 ਕਿਲੋ ਤੱਕ ਨਕਲੀ ਪਨੀਰ ਜ਼ਬਤ ਕੀਤਾ ਗਿਆ ਸੀ, ਜੋ ਪਾਮ ਆਇਲ ਅਤੇ ਸਸਤੇ ਕੈਮੀਕਲਾਂ ਨਾਲ ਬਣਾਇਆ ਜਾ ਰਿਹਾ ਸੀ।
ਸਰਕਾਰ ਦਾ ਮੰਨਣਾ ਹੈ ਕਿ ਅਜਿਹੇ ਮਿਲਾਵਟੀ ਖਾਣੇ ਨਾਲ ਲੋਕ ਬਿਮਾਰ ਪੈ ਰਹੇ ਹਨ ਅਤੇ ਇਸ ਨੂੰ ਰੋਕਣ ਲਈ ਇੱਕ ਵੱਡੀ ਮੁਹਿੰਮ ਦੀ ਲੋੜ ਹੈ। ਸਬੰਧਤ ਵਿਭਾਗਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਮਿਲਾਵਟਖੋਰੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਯਕੀਨੀ ਬਣਾਉਣ।
