ਦਾਦੂਵਾਲ ਦੀ SGPC ਦੇ ਪ੍ਰਧਾਨ ਧਾਮੀ ਨੂੰ ਖ਼ਾਸ ਅਪੀਲ, ਕਿਹਾ- ਖ਼ੁਦ ਸਾਨੂੰ ਸੌਂਪਣ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ

09/22/2022 1:34:10 PM

ਕੁਰੂਕਸ਼ੇਤਰ- ਹਾਲ ਹੀ ’ਚ ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ, 2014 ਦੀ ਸੰਵਿਧਾਨਕ ਵੈਧਤਾ ਨੂੰ ਬਰਕਰਾਰ ਰੱਖਣਾ ਦਾ ਫ਼ੈਸਲਾ ਸੁਣਾਇਆ ਗਿਆ। ਇਸ ਫ਼ੈਸਲੇ ਤੋਂ ਇਕ ਦਿਨ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕੁਰੂਕਸ਼ੇਤਰ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਮੱਥਾ ਟੇਕਿਆ। ਉਨ੍ਹਾਂ ਸ਼੍ਰੋਮਣੀ ਕਮੇਟੀ (SGPC) ਨੂੰ ਇਸ ਮਾਮਲੇ ਵਿਚ ਮੁੜ ਵਿਚਾਰ (ਰੀਵਿਊ) ਪਟੀਸ਼ਨ ਦਾਇਰ ਨਾ ਕਰਨ ਦੀ ਅਪੀਲ ਕੀਤੀ।

ਇਹ ਵੀ ਪੜ੍ਹੋ- ਜਥੇਦਾਰ ਦਾਦੂਵਾਲ ਦਾ ਵੱਡਾ ਬਿਆਨ, ਕਿਹਾ- ਹਰਿਆਣਾ ਦੇ ਸਿੱਖਾਂ ਨੂੰ ਬਾਦਲਾਂ ਤੋਂ ਮਿਲੀ ਆਜ਼ਾਦੀ

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਾਦੂਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਹਰਿਆਣਾ ਦੇ ਸਿੱਖਾਂ ਦੇ ਹੱਕ ’ਚ ਫ਼ੈਸਲਾ ਦਿੱਤਾ ਹੈ। ਗੁਰਦੁਆਰਿਆਂ 'ਤੇ ਜ਼ਬਰਦਸਤੀ ਕਬਜ਼ਾ ਕਰਨ ਦਾ ਸਾਡਾ ਕੋਈ ਇਰਾਦਾ ਨਹੀਂ ਹੈ। ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕਰਦਾ ਹਾਂ ਕਿ ਉਹ ਸੁਪਰੀਮ ਕੋਰਟ ’ਚ ਰੀਵਿਊ ਪਟੀਸ਼ਨ ਨਾ ਪਾਉਣ, ਸਗੋਂ  ਇੱਥੇ ਆ ਕੇ ਗੁਰਦੁਆਰਿਆਂ ਦਾ ਪ੍ਰਬੰਧ ਖੁਦ ਹਰਿਆਣਾ ਪੈਨਲ ਨੂੰ ਸੌਂਪਣ ਤਾਂ ਜੋ ਦੋਵਾਂ ਪੈਨਲਾਂ ਵਿਚ ਸਦਭਾਵਨਾ ਬਣੀ ਰਹੇ। ਦਾਦੂਵਾਲ ਨੇ ਅੱਗੇ ਕਿਹਾ ਕਿ ਸੂਬੇ ਦੇ 52 ਗੁਰਦੁਆਰਿਆਂ ਨੂੰ ਨੋਟੀਫਾਈ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 48 ਦਾ ਪ੍ਰਬੰਧਨ ਅਤੇ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਸੀ। ਜਦੋਂ ਕਿ HSGMC ਕੋਲ ਚਾਰ ਗੁਰਦੁਆਰਿਆਂ ਦਾ ਕੰਟਰੋਲ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੋ ਗੁਰਦੁਆਰਿਆਂ- ਸਿਰਸਾ ਅਤੇ ਰਤੀਆ ਦੀਆਂ ਸਥਾਨਕ ਕਮੇਟੀਆਂ ਨੇ ਸਵੈ-ਇੱਛਾ ਨਾਲ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ HSGMC ਨੂੰ ਸੌਂਪ ਦਿੱਤਾ ਹੈ। 

ਇਹ ਵੀ ਪੜ੍ਹੋ- SC ਤੋਂ ਸ਼੍ਰੋਮਣੀ ਕਮੇਟੀ ਨੂੰ ਝਟਕਾ, ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਕਮੇਟੀ ਹੀ ਕਰੇਗੀ

ਦਾਦੂਵਾਲ ਮੁਤਾਬਕ ਅਸੀਂ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਸਮੇਂ ਕਾਨੂੰਨ ਦੇ ਵਿਰੁੱਧ ਨਹੀਂ ਜਾਵਾਂਗੇ। ਇੱਥੋਂ ਦੇ ਵੱਖ-ਵੱਖ ਗੁਰਦੁਆਰਿਆਂ ’ਚ ਕੰਮ ਕਰ ਰਹੇ ਹੋਰਨਾਂ ਸੂਬਿਆਂ ਨਾਲ ਸਬੰਧਤ ਮੁਲਾਜ਼ਮਾਂ ਨੂੰ ਬਰਖ਼ਾਸਤ ਨਹੀਂ ਕੀਤਾ ਜਾਵੇਗਾ ਪਰ ਜੇਕਰ ਉਹ ਜਾਣਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰਨ ਲਈ ਆਜ਼ਾਦ ਹਨ। ਹਾਲਾਂਕਿ HSGMC ਨੇ ਕਾਨੂੰਨੀ ਲੜਾਈ ਜਿੱਤ ਲਈ ਹੈ। ਇਕ ਸਵਾਲ ਦੇ ਜਵਾਬ ਵਿਚ ਦਾਦੂਵਾਲ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਮਿਲ ਕੇ ਕਮੇਟੀ ਲਈ ਸੰਘਰਸ਼ ਕੀਤਾ ਹੈ। ਜੇਕਰ ਕਿਸੇ ਵੀ ਮੈਂਬਰ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਹੈ ਤਾਂ ਉਹ ਆ ਜਾਵੇ ਅਸੀਂ ਮਸਲੇ ਦਾ ਹੱਲ ਕਰਾਂਗੇ। ਅਸੀਂ ਇੱਥੇ ਗੁਰਦੁਆਰਿਆਂ ਦੀ ਸੇਵਾ ਲਈ ਆਏ ਹਾਂ।


Tanu

Content Editor

Related News