''ਬਾਲਾ ਸਾਹਿਬ ਹਸਪਤਾਲ'' ਚਲਾਉਣ ''ਚ ਫੇਲ ਹੋਈ ਗੁਰਦੁਆਰਾ ਕਮੇਟੀ : ਸਰਨਾ

01/09/2019 6:21:41 PM

ਨਵੀਂ ਦਿੱਲੀ (ਬਿਊਰੋ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸ਼ੁਰੂ ਹੋਣ ਵਾਲੇ 400 ਬੈੱਡ ਦੇ ਬਾਲਾ ਸਾਹਿਬ ਹਸਪਤਾਲ ਨੂੰ ਲੈ ਕੇ ਹੋ ਰਹੀ ਸਿਆਸਤ ਵਿਚ ਅੱਜ ਸਰਨਾ ਭਰਾਵਾਂ ਵੀ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ 2013 ਅਤੇ 2017 ਦੇ ਚੋਣ ਮੈਨੀਫੈਸਟੋ 'ਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਬਾਲਾ ਸਾਹਿਬ ਹਸਪਤਾਲ ਖੁਦ ਚਲਾਉਣ ਦਾ ਦਿੱਲੀ ਦੀ ਸੰਗਤ ਨਾਲ ਵਾਅਦਾ ਕੀਤਾ ਸੀ ਪਰ 6 ਸਾਲ ਬਾਅਦ ਖੁਦ ਚਲਾਉਣ ਦੀ ਗੱਲ ਤੋਂ ਪਿੱਛੇ ਹਟ ਗਏ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਰ ਸੇਵਾ ਅਤੇ ਪ੍ਰਬੰਧਨ ਬਾਬਾ ਬਚਨ ਸਿੰਘ ਨੂੰ ਦੇਣ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਨੇ ਆਪਮੀ ਜ਼ਿੰਮੇਵਾਰੀ ਨੂੰ ਬਾਬਾ ਬਚਨ ਸਿੰਘ ਦੇ ਗਲੇ ਪਾ ਕੇ ਆਪਣਾ ਪਿੱਛਾ ਛੁਡਵਾਉਣ ਦੀ ਕੋਸ਼ਿਸ਼ ਕੀਤੀ ਹੈ। ਬਿਨਾਂ ਕਿਸੇ ਯੋਜਨਾਬੰਦੀ ਦੇ ਹਸਪਤਾਲ ਦੀ ਕਾਰ ਸੇਵਾ ਬਾਬਾ ਬਚਨ ਸਿੰਘ ਨੂੰ ਦੇਣਾ ਦਿੱਲੀ ਦੀ ਸੰਗਤ ਨਾਲ ਵੱਡਾ ਮਜ਼ਾਕ ਹੈ। ਬਾਬਾ ਹਰਬੰਸ਼ ਸਿੰਘ ਨੇ ਸਖਤ ਮਿਹਨਤ ਕਰ ਕੇ ਸੰਗਤਾਂ ਦੇ ਸਹਿਯੋਗ ਨਾਲ ਹਸਪਤਾਲ ਦੀ ਇਮਾਰਤ ਖੜ੍ਹੀ ਕੀਤੀ ਸੀ, ਜੋ ਕਿ ਹੁਣ ਮਾੜੀ ਹਾਲਤ ਵਿਚ ਹੈ। ਸੰਗਤ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਕਿੰਨੇ ਬੈੱਡ ਦਾ ਹੋਵੇਗਾ ਅਤੇ ਇਸ ਨੂੰ ਆਰਥਿਕ ਰੂਪ ਨਾਲ ਬਾਬਾ ਬਚਨ ਸਿੰਘ ਕਿਵੇਂ ਚਲਾਉਣਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਨਾ ਭਰਾਵਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਬੰਧਕਾ ਤੋਂ ਪੁੱਛਿਆ ਕਿ ਇਹ ਕੰਮ ਤਾਂ ਉਹ ਵੀ 2012-13 ਵਿਚ ਬਾਲਾ ਸਾਹਿਬ ਹਸਪਤਾਲ ਚਲਾਉਣ ਨੂੰ ਲੈ ਕੇ ਕਰ ਰਹੇ ਸਨ, ਤਾਂ ਬਾਦਲ ਦਲ ਨੇ ਵਿਰੋਧ ਕਿਉਂ ਕੀਤਾ? ਸਰਨਾ ਨੇ ਕਿਹਾ ਕਿ ਬਾਦਲ ਦਲ ਨੇ ਇਸੇ ਬਾਲਾ ਸਾਹਿਬ ਹਸਪਤਾਲ ਨੂੰ ਮੁੱਦਾ ਬਣਾ ਕੇ ਕਮੇਟੀ ਦੀਆਂ ਚੋਣਾਂ ਲੜੀਆਂ ਅਤੇ ਸੰਗਤ ਨੂੰ ਝੂਠਾ ਭਰੋਸਾ ਦੇ ਕੇ ਗੁਰੂ ਦੀ ਗੋਲਕ ਅਤੇ ਕਮੇਟੀ ਦੇ ਸਾਧਨਾਂ 'ਤੇ ਕਬਜ਼ਾ ਕਰ ਲਿਆ। ਹੁਣ 6 ਸਾਲ ਗੁਰੂ ਦੀ ਗੋਲਕ ਲੁੱਟਣ ਅਤੇ ਸਾਧਨਾਂ ਦੀ ਘੋਰ ਦੁਰਵਰਤੋਂ ਕਰਨ ਤੋਂ ਬਾਅਦ ਜਦੋਂ ਬਾਲਾ ਸਾਹਿਬ ਹਸਪਤਾਲ ਨਹੀਂ ਚਲਾ ਸਕੇ ਅਤੇ ਸੰਗਤਾਂ ਨੂੰ ਸਿਹਤ ਸਹੂਲਤਾਂ ਨਹੀਂ ਮਿਲ ਸਕੀਆਂ ਤਾਂ ਬਾਬਾ ਬਚਨ ਸਿੰਘ ਜੀ ਦੇ ਦਰਬਾਰ ਵਿਚ ਆਪਣੇ ਪਾਪਾਂ 'ਤੇ ਪਰਦਾ ਪਾਉਣ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਜਾਣਨਾ ਚਾਹੁੰਦੀ ਹੈ ਕਿ ਬਾਦਲ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ, ਕੁਲਦੀਪ ਸਿੰਘ ਭੋਗਲ, ਹਰਮੀਤ ਸਿੰਘ ਕਾਲਕਾ ਸਮੇਤ ਕਮੇਟੀ ਦੇ ਸੀਨੀਅਰ ਨੇਤਾ ਕਿਸ ਗਲਤੀ ਦੀ ਮੁਆਫ਼ੀ ਲਈ ਬਾਬਾ ਬਚਨ ਸਿੰਘ ਦੀ ਚੌਖਟ 'ਤੇ ਪਹੁੰਚੇ ਹਨ। 

1978 'ਚ 400 ਬੈੱਡ ਦਾ ਹਸਪਤਾਲ ਬਣਨਾ ਹੋਇਆ ਸੀ ਸ਼ੁਰੂ—
ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਰਿਕਾਰਡਾਂ ਮੁਤਾਬਕ 1978 ਤੋਂ ਲੱਗਭਗ ਸਾਢੇ 12 ਏਕੜ ਜ਼ਮੀਨ 'ਤੇ ਹਸਪਤਾਲ ਬਣਾਉਣ ਦਾ ਸਫਰ ਸ਼ੁਰੂ ਹੋਇਆ ਸੀ। ਸ਼ੁਰੂਆਤ ਵਿਚ ਇਹ ਹਸਪਤਾਲ 400 ਬੈੱਡ ਨਾਲ ਮੈਡੀਕਲ ਕਾਲਜ ਦੇ ਤੌਰ 'ਤੇ ਪ੍ਰਸਤਾਵਤ ਸੀ। 40 ਸਾਲ ਬਾਅਦ ਵੀ ਹਸਪਤਾਲ ਚਲਾਉਣ ਨੂੰ ਲੈ ਕੇ ਦਿੱਲੀ ਕਮੇਟੀ ਕੋਲ ਕੋਈ ਯੋਜਨਾ ਅਤੇ ਸਰਕਾਰੀ ਮਨਜ਼ੂਰੀ ਅਜੇ ਤਕ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਮਾੜੀ ਹੋ ਚੁੱਕੀ ਇਮਾਰਤ ਨੂੰ ਬਣਾਉਣ ਤੋਂ ਪਹਿਲਾਂ ਕਾਰ ਸੇਵਾ ਵਾਲਿਆਂ ਨੇ ਇਸ ਦਾ ਨਕਸ਼ਾ ਵੀ ਪਾਸ ਨਹੀਂ ਕਰਾਇਆ ਸੀ। ਜਿਸ ਦੀ ਵਜ੍ਹਾ ਤੋਂ ਨਗਰ ਨਿਗਮ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਤੋਂ ਹਸਪਤਾਲ ਨੂੰ ਚਲਾਉਣ ਦੀ ਮਨਜ਼ੂਰੀ ਨਹੀਂ ਮਿਲ ਪਾ ਰਹੀ ਸੀ। ਇਸ ਦੇ ਨਾਲ ਫਾਇਰ ਬ੍ਰਿਗੇਡ ਵਿਭਾਗ ਅਤੇ ਹੋਰ ਵਿਭਾਗਾਂ ਦੀ ਵੀ ਮਨਜ਼ੂਰੀ ਅੱਧ ਵਿਚ ਲਟਕੀ ਹੋਈ ਹੈ। ਸਿੱਖਾਂ ਵਿਚਾਲੇ ਬਾਲਾ ਸਾਹਿਬ ਨੂੰ ਰਾਮ ਮੰਦਰ ਵਾਂਗ ਚੁਣਾਵੀ ਮੁੱਦਾ ਮੰਨਿਆ ਜਾਂਦਾ ਹੈ। ਹਰ ਕੋਈ ਹਸਪਤਾਲ ਬਣਾਉਣ ਨੂੰ ਦਾਅਵਾ ਵੋਟ ਲੈਣ ਲਈ ਕਰਦਾ ਹੈ ਪਰ ਹਸਪਤਾਲ ਕਦੋਂ ਬਣੇਗਾ ਉਸ ਦੀ ਤਰੀਕ ਕੋਈ ਨਹੀਂ ਦੱਸਦਾ ਹੈ।


Tanu

Content Editor

Related News