ਮਾਇਆਵਤੀ ਦਾ ਵੱਡਾ ਐਲਾਨ- ਬਸਪਾ ਇਕੱਲੇ ਲੜੇਗੀ ਯੂ. ਪੀ-ਉੱਤਰਾਖੰਡ ਵਿਧਾਨ ਸਭਾ ਚੋਣਾਂ 2022
Sunday, Jun 27, 2021 - 11:23 AM (IST)
ਲਖਨਊ (ਭਾਸ਼ਾ)— ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ’ਚ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਐਲਾਨ ਕੀਤਾ ਹੈ। ਮਾਇਆਵਤੀ ਮੁਤਾਬਕ ਵਿਧਾਨ ਸਭਾ ਚੋਣਾਂ ਵਿਚ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਨਾਲ ਗਠਜੋੜ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਹਾਂ ਸੂਬਿਆਂ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਇਕੱਲੇ ਹੀ ਚੋਣਾਂ ਲੜੇਗੀ।
ਬਸਪਾ ਮੁਖੀ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਮੀਡੀਆ ਇਕ ਨਿਊਜ਼ ਚੈਨਲ ਵਿਚ ਕੱਲ੍ਹ ਤੋਂ ਇਹ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਉੱਤਰ ਪ੍ਰਦੇਸ਼ ਵਿਚ ਆਗਾਮੀ ਵਿਧਾਨ ਸਭਾ ਆਮ ਚੋਣਾਂ ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. ਅਤੇ ਬਸਪਾ ਮਿਲ ਕੇ ਲੜੇਗੀ। ਇਹ ਖ਼ਬਰ ਪੂਰਨ ਤੌਰ ’ਤੇ ਗਲਤ ਹੈ ਅਤੇ ਤੱਥਹੀਣ ਹੈ। ਇਸ ਵਿਚ ਜ਼ਰਾ ਜਿੰਨੀ ਵੀ ਸੱਚਾਈ ਨਹੀਂ ਹੈ ਅਤੇ ਬਸਪਾ ਇਸ ਦਾ ਜ਼ੋਰਦਾਰ ਖੰਡਨ ਕਰਦੀ ਹੈ।
ਮਾਇਆਵਤੀ ਨੇ ਦੂਜੇ ਟਵੀਟ ਵਿਚ ਕਿਹਾ ਕਿ ਉਂਝ ਇਸ ਸਬੰਧ ਵਿਚ ਪਾਰਟੀ ਵਲੋਂ ਫਿਰ ਤੋਂ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਪੰਜਾਬ ਨੂੰ ਛੱਡ ਕੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਬਸਪਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਗਠਜੋੜ ਕਰ ਕੇ ਨਹੀਂ ਲੜੇਗੀ ਬਲਕਿ ਇਕੱਲੇ ਹੀ ਲੜੇਗੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਨੇ ਰਾਸ਼ਟਰੀ ਲੋਕ ਸਮਤਾ ਪਾਰਟੀ ਅਤੇ ਏ. ਆਈ. ਐੱਮ. ਆਈ. ਐੱਮ. ਨਾਲ ਗਠਜੋੜ ’ਚ ਚੋਣਾਂ ਲੜੀਆਂ ਸਨ, ਜਿਸ ਵਿਚ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਵੀ ਸ਼ਾਮਲ ਹੋਈ ਸੀ।