ਬਹਿਰੀਨ ਨੇ 125 ਭਾਰਤੀ ਕੈਦੀਆਂ ਦੀ ਸਜ਼ਾ ਕੀਤੀ ਮੁਆਫ, ਭੇਜੇ ਗਏ ਭਾਰਤ
Monday, May 18, 2020 - 05:04 PM (IST)
ਕੋਚੀ (ਭਾਸ਼ਾ))— ਬਹਿਰੀਨ ਸਰਕਾਰ ਨੇ 125 ਤੋਂ ਵਧੇਰੇ ਭਾਰਤੀ ਕੈਦੀਆਂ ਦੀ ਸਜ਼ਾ ਮੁਆਫ਼ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਤੋਂ ਭਾਰਤ ਦੇ ਹਵਾਲੇ ਕਰ ਦਿੱਤਾ ਹੈ। ਇੱਥੇ ਇਨ੍ਹਾਂ ਲੋਕਾਂ ਨੂੰ ਜਲ ਸੈਨਾ ਦੇ ਇਕ ਕੁਆਰੰਟੀਨ ਸੈਂਟਰ ਵਿਚ ਰੱਖਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਗਲਫ ਏਅਰ ਦੀ ਫਲਾਈਟ ਤੋਂ ਐਤਵਾਰ ਸ਼ਾਮ 6 ਵਜ ਕੇ 45 ਮਿੰਟ 'ਤੇ 125 ਭਾਰਤੀ ਨਾਗਰਿਕ ਕੋਚੀਨ ਹਵਾਈ ਅੱਡੇ 'ਤੇ ਪੁੱਜੇ। ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਲਾਕਡਾਊਨ ਦੀ ਵਜ੍ਹਾ ਨਾਲ ਇੱਥੇ ਫਸੇ ਆਪਣੇ 60 ਨਾਗਰਿਕਾਂ ਨੂੰ ਲੈ ਕੇ ਬਹਿਰੀਨ ਦਾ ਜਹਾਜ਼ ਰਵਾਨਾ ਹੋ ਗਿਆ।
ਉਨ੍ਹਾਂ ਨੇ ਦੱਸਿਆ ਕਿ ਕੋਵਿਡ-19 ਨਾਲ ਜੁੜੀਆਂ ਸਾਰੀਆਂ ਹਦਾਇਤਾਂ ਪੂਰੀਆਂ ਕਰਨ ਤੋਂ ਬਾਅਦ ਦੇਸ਼ ਪਰਤੇ ਲੋਕਾਂ ਨੂੰ ਸਕੂਲ ਫਾਰ ਨਵਲ ਏਅਰਮੈੱਨ 'ਚ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਸੀ. ਆਈ. ਏ. ਐੱਲ. ਤੋਂ ਇੱਥੇ ਕੇ. ਐੱਸ. ਆਰ. ਟੀ. ਸੀ. ਬੱਸ ਤੋਂ ਜ਼ਿਲਾ ਪ੍ਰਸ਼ਾਸਨ ਦੀ ਸੁਰੱਖਿਆ ਵਿਚ ਲਿਆਂਦਾ ਗਿਆ ਅਤੇ ਫਿਰ ਜਲ ਸੈਨਾ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।
ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ ਮੁਤਾਬਕ ਸ਼ੁਰੂਆਤ 'ਚ ਇਨ੍ਹਾਂ ਲੋਕਾਂ ਨੂੰ ਇਕ ਫੌਜੀ ਅੱਡੇ ਕੋਚੀ ਨਵਲ ਬੇਸ ਵਿਚ ਕੁਆਰੰਟੀਨ ਕੀਤਾ ਜਾਣਾ ਹੈ, ਜਿੱਥੇ ਜਲ ਸੈਨਾ ਦੇ ਸਿਖਲਾਈ ਪ੍ਰਾਪਤ ਸਿਹਤ ਅਧਿਕਾਰੀ ਉਨ੍ਹਾਂ ਦੀ ਰੋਜ਼ਾਨਾ ਜਾਂਚ ਕਰਨਗੇ। ਉਨ੍ਹਾਂ ਨੇ ਦੱਸਿਆ ਕਿ 14 ਦਿਨ ਦੀ ਜ਼ਰੂਰੀ ਕੁਆਰੰਟੀਨ ਸਮੇਂ ਤੋਂ ਬਾਅਦ ਇਨ੍ਹਾਂ ਨੂੰ ਘਰ ਭੇਜੇ ਜਾਣ ਲਈ ਸੂਬਾ ਏਜੰਸੀਆਂ ਨੂੰ ਸੌਂਪ ਦਿੱਤਾ ਜਾਵੇਗਾ। ਜ਼ਿਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਵਿਡ-19 ਦੀ ਵਜ੍ਹਾ ਕਰ ਕੇ ਸੰਯੁਕਤ ਅਰਬ ਅਮੀਰਾਤ 'ਚ ਫਸੇ 347 ਯਾਤਰੀ ਦੁਬਈ ਅਤੇ ਆਬੂ ਧਾਬੀ ਤੋਂ ਏਅਰ ਇੰਡੀਆ ਦੇ ਦੋ ਵਿਸ਼ੇਸ਼ ਜਹਾਜ਼ਾਂ ਤੋਂ ਐਤਵਾਰ ਸ਼ਾਮ ਨੂੰ ਇੱਥੇ ਪਹੁੰਚੇ।