ਬਹਿਰਾਈਚ ’ਚ ਇੰਸਪੈਕਟਰ ਦੀ ਗੁੰਡਾਗਰਦੀ, ਏਅਰਪੋਰਟ ਮੈਨੇਜਰ ਤੇ ਬੈਂਕ ਮੈਨੇਜਰ ਨੂੰ ਸ਼ਰੇਆਮ ਕੁੱਟਿਆ
Sunday, Nov 03, 2024 - 12:09 AM (IST)
ਬਹਿਰਾਈਚ, (ਇੰਟ.)- ਯੂ. ਪੀ. ਦੇ ਬਹਿਰਾਇਚ ’ਚ ਇੰਸਪੈਕਟਰ ਦੀ ਗੁੰਡਾਗਰਦੀ ਸਾਹਮਣੇ ਆਈ ਹੈ। ਦਰਅਸਲ, ਬਸ਼ੀਰਗੰਜ ਚੌਕ ’ਤੇ ਇੰਸਪੈਕਟਰ ਵੱਲੋਂ ਜੌੜੇ ਭਰਾਵਾਂ ਨੂੰ ਸ਼ਰੇਆਮ ਕੁੱਟਿਆ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਪੁਲਸ ਸੁਪਰਡੈਂਟ ਨੇ ਸ਼ਨੀਵਾਰ ਨੂੰ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਹੈ। ਕੋਤਵਾਲੀ ਨਗਰ ਦੇ ਬਸ਼ੀਰਗੰਜ ਦੇ ਰਹਿਣ ਵਾਲੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਜਨਰਲ ਸਕੱਤਰ ਪ੍ਰਕਾਸ਼ ਗੁਪਤਾ ਦੇ 2 ਜੌੜੇ ਪੁੱਤਰ ਲਵ ਜੋ ਅਯੁੱਧਿਆ ਹਵਾਈ ਅੱਡੇ ’ਤੇ ਸਿਵਲ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹਨ ਅਤੇ ਕੁਸ਼ ਜੋ ਪ੍ਰਯਾਗਪੁਰ ਦੇ ਆਰਿਆਵਰਤ ਬੈਂਕ ’ਚ ਬ੍ਰਾਂਚ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਹਨ।
ਦੋਵੇਂ ਦੀਵਾਲੀ ਦੀ ਖਰੀਦਦਾਰੀ ਲਈ ਆਪਣੇ ਘਰ ਤੋਂ ਘੰਟਾਘਰ ਆਪਣੇ ਬੁਲੇਟ ਮੋਟਰਸਾਈਕਲ ਵੱਲ ਜਾ ਰਹੇ ਸਨ। ਇਸ ਦੌਰਾਨ ਸੜਕ ’ਤੇ ਆਪਣੀ ਕਾਰ ’ਚ ਮੌਜੂਦ ਤਿਕੋਣੀ ਬਾਗ ਚੌਕੀ ਦੇ ਇੰਚਾਰਜ ਹਰੀਕੇਸ਼ ਸਿੰਘ ਕਾਰ ਨੂੰ ਬੈਕ ਕਰਨ ਲੱਗੇ, ਜਿਸ ਕਾਰਨ ਕਾਰ ਉਨ੍ਹਾਂ ਦੇ ਬੁਲੇਟ ਨਾਲ ਟਕਰਾ ਗਈ। ਜਿਸ ’ਤੇ ਦੋਵੇਂ ਭਰਾਵਾਂ ਨੇ ਹੱਥ ਮਾਰ ਕੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਗੁੱਸੇ ’ਚ ਆਏ ਚੌਕੀ ਇੰਚਾਰਜ ਅਤੇ ਉਸ ਦੇ ਇਕ ਹੌਲਦਾਰ ਨੇ ਦੋਵਾਂ ਭਰਾਵਾਂ ’ਤੇ ਲੱਤਾਂ-ਮੁੱਕਿਆਂ ਨਾਲ ਰੱਜ ਕੇ ਕੁੱਟਿਆ।
ਦੋਵੇਂ ਭਰਾ ਇਸ ਸਬੰਧੀ ਪੁਲਸ ਸੁਪਰਡੈਂਟ ਨੂੰ ਤਿੰਨ ਦਿਨਾਂ ਤੱਕ ਕਾਰਵਾਈ ਕਰਨ ਦੀ ਅਪੀਲ ਕਰਦੇ ਰਹੇ। ਚੌਕੀ ਇੰਚਾਰਜ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਇਸ ਦਾ ਨੋਟਿਸ ਲੈਂਦਿਆਂ ਪੁਲਸ ਸੁਪਰਡੈਂਟ ਵਰਿੰਦਾ ਸ਼ੁਕਲਾ ਨੇ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਅਜਿਹੀ ਹਿੰਸਾ ਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰੇਗੀ।