ਮੈਡੀਕਲ ਰਿਪੋਰਟ ’ਚ ਖ਼ੁਲਾਸਾ, ਤੇਜਿੰਦਰ ਬੱਗਾ ਦੇ ਮੋਢਿਆਂ ਅਤੇ ਪਿੱਠ ’ਚ ਲੱਗੀਆਂ ਸੱਟਾਂ
Saturday, May 07, 2022 - 11:35 AM (IST)
ਨਵੀਂ ਦਿੱਲੀ– ਗ੍ਰਿਫਤਾਰੀ ਤੋਂ ਬਾਅਦ ਰਿਹਾਅ ਹੋਏ ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਦੀ ਮੈਡੀਕਲ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਪਿੱਠ ਅਤੇ ਮੋਢਿਆਂ ’ਤੇ ਕਈ ਸੱਟਾਂ ਲੱਗੀਆਂ ਹਨ। ਬੱਗਾ ਨੇ ਦੋਸ਼ ਲਾਇਆ ਕਿ ਪੰਜਾਬ ਪੁਲਸ ਵਲੋਂ ਕੁੱਟਮਾਰ ਮਗਰੋਂ ਉਹ ਜ਼ਖਮੀ ਹੋ ਗਿਆ। ਇਸ ਨੂੰ ਲੈ ਕੇ ਵੀ ਸਿਆਸਤ ਗਰਮਾ ਸਕਦੀ ਹੈ। ਹੁਣ ਸੰਭਾਵਨਾ ਹੈ ਕਿ ਭਾਜਪਾ ਆਗੂ ਬੱਗਾ ਵਲੋਂ ਪੰਜਾਬ ਪੁਲਸ ਖਿਲਾਫ ਤੀਜੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਦੱਸ ਦੇਈਏ ਕਿ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ੀ ਤੋਂ ਪਹਿਲਾਂ ਬੱਗਾ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਸੀ।
ਇਹ ਵੀ ਪੜ੍ਹੋ: ਤਜਿੰਦਰ ਬੱਗਾ ਨੂੰ ਹਰਿਆਣਾ ਨੇ ਦਿੱਲੀ ਪੁਲਸ ਨੂੰ ਸੌਂਪਿਆ, ਖਾਲੀ ਹੱਥ ਪਰਤੀ ਪੰਜਾਬ ਪੁਲਸ
ਬੱਗਾ ਨੂੰ ਮੈਟਰੋਪੋਲੀਟਨ ਮੈਜਿਸਟ੍ਰੇਟ ਸਵੈਮ ਤ੍ਰਿਪਾਠੀ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਹੁਣ ਜਨਕਪੁਰੀ ਦੇ ਥਾਣੇਦਾਰ ਨੂੰ ਬੱਗਾ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਬੱਗਾ ਨੇ ਆਪਣੇ ਵਕੀਲ ਜ਼ਰੀਏ ਦੁਆਰਕਾ ਕੋਰਟ ਦਾ ਰੁਖ਼ ਕੀਤਾ ਸੀ। ਪਟੀਸ਼ਨ ’ਚ ਕਿਹਾ ਗਿਆ ਕਿ ਉਹ ਲਾਪਤਾ ਹੈ ਅਤੇ ਅਣਪਛਾਤੇ ਵਿਅਕਤੀਆਂ ਵਲੋਂ ਲਿਜਾਇਆ ਗਿਆ ਸੀ। ਦੁਆਰਕਾ ਕੋਰਟ ਨੇ ਉਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਦਿੱਲੀ ਪੁਲਸ ਹਰਕਤ ’ਚ ਆ ਗਈ ਅਤੇ ਹਰਿਆਣਾ ਪੁਲਸ ਨੂੰ ਬੱਗਾ ਬਾਰੇ ਸੂਚਨਾ ਦਿੱਤੀ। ਪੰਜਾਬ ਪੁਲਸ ਨੂੰ ਰੋਕਿਆ ਗਿਆ ਅਤੇ ਬੱਗਾ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਦੁਆਰਕਾ ਕੋਰਟ ਨੇ ਆਪਣੇ ਹੁਕਮ ’ਚ ਕਿਹਾ ਕਿ ਬੱਗਾ ਨੂੰ ਨੇੜਲੇ ਭਵਿੱਖ ’ਚ ਉਸ ਨਾਲ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਥਾਣੇਦਾਰ ਜਨਕਪੁਰੀ ਉਸ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰਨ।
ਇਹ ਵੀ ਪੜ੍ਹੋ: ਭਾਜਪਾ ਨੇਤਾ RP ਸਿੰਘ ਦਾ ਕੇਜਰੀਵਾਲ 'ਤੇ ਵੱਡਾ ਹਮਲਾ, ਬੱਗਾ ਦੀ ਗ੍ਰਿਫ਼ਤਾਰੀ ਦੇ ਦੱਸੇ 2 ਕਾਰਨ
ਭਾਜਪਾ ਨੇ ਤੇਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਭਾਜਪਾ ਦਾ ਦੋਸ਼ ਹੈ ਕਿ ਦਿੱਲੀ ਪੁਲਸ ਨੂੰ ਸੂਚਿਤ ਕੀਤੇ ਬਿਨਾਂ ਬੱਗਾ ਨੂੰ ਪੰਜਾਬ ਪੁਲਸ ਗ੍ਰਿਫਤਾਰ ਕਰ ਕੇ ਆਪਣੇ ਨਾਲ ਲੈ ਗਈ। ਪੰਜਾਬ ਪੁਲਸ ਖਿਲਾਫ ਅਗਵਾ ਅਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਬੱਗਾ ਦੀ ਗ੍ਰਿਫ਼ਤਾਰੀ ਗੈਰ-ਕਾਨੂੰਨੀ, ਕੇਜਰੀਵਾਲ ਕਰ ਰਹੇ ਬਦਲੇ ਦੀ ਰਾਜਨੀਤੀ : ਮਨਜਿੰਦਰ ਸਿਰਸਾ
ਕੀ ਹੈ ਪੂਰਾ ਮਾਮਲਾ
ਬੱਗਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਪਰ ਫਿਲਮ 'ਦਿਕਸ਼ਮੀਰ ਫਾਈਲਜ਼' ਨੂੰ ਲੈ ਕੇ ਕੀਤੀ ਗਈ ਟਿੱਪਣੀ ਤੋਂ ਬਾਅਦ ਮੁਹਾਲੀ ਵਿਖੇ 'ਆਪ' ਆਗੂ ਸਨੀ ਆਹਲੂਵਾਲੀਆ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਆਧਾਰ 'ਤੇ ਪੁਲਸ ਨੇ 1 ਅਪ੍ਰੈਲ ਨੂੰ ਉਨ੍ਹਾਂ ਖ਼ਿਲਾਫ਼ ਐੱਫ. ਆਈ. ਆਰ ਦਰਜ ਕਰ ਲਈ ਸੀ। ਪੰਜਾਬ ਪੁਲਸ ਜਦੋਂ ਬੱਗਾ ਨੂੰ ਲੈ ਕੇ ਪੰਜਾਬ ਜਾ ਰਹੀ ਸੀ, ਹਰਿਆਣਾ ਪੁਲਸ ਨੇ ਉਨ੍ਹਾਂ ਨੂੰ ਕੁਰੂਕਸ਼ੇਤਰ ਵਿਚ ਰੋਕ ਲਿਆ। ਦਿੱਲੀ ਪੁਲਸ ਵੱਲੋਂ ਇਸ ਮਾਮਲੇ ਵਿਚ ਪੰਜਾਬ ਪੁਲਸ 'ਤੇ ਤਜਿੰਦਰ ਪਾਲ ਸਿੰਘ ਬੱਗਾ ਦੀ 'ਕਿਡਨੈਪਿੰਗ' ਦੀ ਐੱਫ.ਆਈ. ਆਰ ਦਰਜ ਕਰ ਲਈ ਗਈ ਹੈ। ਪੰਜਾਬ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਬੱਗਾ ਨੂੰ 5 ਨੋਟਿਸ ਭੇਜੇ ਸਨ ਪਰ ਜਾਂਚ ਵਿਚ ਬੱਗਾ ਵੱਲੋਂ ਸਹਿਯੋਗ ਨਾ ਮਿਲਣ 'ਤੇ ਪੁਲਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।