ਅਦਾਲਤ ਦੀ ਟਿੱਪਣੀ- ਜੇਕਰ ਸਕੂਲ ਸੁਰੱਖਿਅਤ ਥਾਂ ਨਹੀਂ ਹੈ ਤਾਂ ਬੱਚੇ ਕੀ ਕਰਨ?
Thursday, Aug 22, 2024 - 04:03 PM (IST)
ਮੁੰਬਈ- ਬੰਬਈ ਹਾਈ ਕੋਰਟ ਨੇ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਕਸਬੇ ਦੇ ਇਕ ਸਕੂਲ 'ਚ ਦੋ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੀ ਘਟਨਾ ਨੂੰ ਹੈਰਾਨ ਕਰਨ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ ਕੁੜੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਸਕਦਾ। ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਪ੍ਰਿਥਵੀਰਾਜ ਚੌਹਾਨ ਦੀ ਬੈਂਚ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਹੋਣ ਦੇ ਬਾਵਜੂਦ ਮਾਮਲਾ ਦਰਜ ਨਾ ਕਰਨ ਲਈ ਸਕੂਲ ਪ੍ਰਸ਼ਾਸਨ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਦਾਲਤ ਨੇ FIR ਦਰਜ ਕਰਨ ਵਿਚ ਦੇਰੀ ਲਈ ਪੁਲਸ ਦੀ ਵੀ ਆਲੋਚਨਾ ਕੀਤੀ। ਬੰਬਈ ਹਾਈ ਕੋਰਟ ਨੇ ਠਾਣੇ ਜ਼ਿਲ੍ਹੇ ਦੇ ਇਕ ਸਕੂਲ ਦੇ ਪਖ਼ਾਨੇ ਵਿਚ ਪੁਰਸ਼ ਸਹਾਇਕ ਵਲੋਂ 13 ਅਗਸਤ ਨੂੰ 4 ਸਾਲ ਦੀਆਂ ਦੋ ਬੱਚੀਆਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿਚ ਖ਼ੁਦ ਨੋਟਿਸ ਲਿਆ ਹੈ।
ਪੁਲਸ ਇਸ ਗੰਭੀਰ ਮਾਮਲੇ ਨੂੰ ਇੰਨੇ ਹਲਕੇ 'ਚ ਕਿਵੇਂ ਲੈ ਸਕਦੀ ਹੈ: ਅਦਾਲਤ
ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਇਸ ਮਾਮਲੇ ਵਿਚ FIR 16 ਅਗਸਤ ਨੂੰ ਦਰਜ ਕੀਤੀ ਗਈ ਅਤੇ ਦੋਸ਼ੀ ਨੂੰ 17 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬੈਂਚ ਨੇ ਕਿਹਾ ਕਿ ਜਦੋਂ ਤੱਕ ਜਨਤਾ ਨੇ ਸੜਕਾਂ 'ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਅਤੇ ਗੁੱਸਾ ਨਹੀਂ ਵਿਖਾਇਆ ਉਦੋਂ ਤੱਕ ਪੁਲਸ ਤੰਤਰ ਅੱਗੇ ਨਹੀਂ ਵਧਿਆ। ਬੈਂਚ ਨੇ ਕਿਹਾ ਕਿ ਉਹ ਇਹ ਜਾਣ ਕੇ ਹੈਰਾਨ ਹੈ ਕਿ ਪੁਲਸ ਨੇ ਮਾਮਲੇ ਦੀ ਠੀਕ ਤਰ੍ਹਾਂ ਨਾਲ ਜਾਂਚ ਨਹੀਂ ਕੀਤੀ। ਅਦਾਲਤ ਨੇ ਸਵਾਲ ਕੀਤਾ ਕਿ ਜਿੱਥੇ 3 ਤੋਂ 4 ਸਾਲ ਦੀਆਂ ਛੋਟੀਆਂ ਬੱਚੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਹੋਵੇ, ਉਸ ਗੰਭੀਰ ਮਾਮਲੇ ਨੂੰ ਪੁਲਸ ਇੰਨੇ ਹਲਕੇ ਵਿਚ ਕਿਵੇਂ ਲੈ ਸਕਦੀ ਹੈ?
ਜੇਕਰ ਸਕੂਲ ਸੁਰੱਖਿਅਤ ਥਾਂ ਨਹੀਂ ਹੈ ਤਾਂ ਬੱਚੇ ਕੀ ਕਰਨ?
ਅਦਾਲਤ ਨੇ ਅੱਗੇ ਕਿਹਾ ਕਿ ਜੇਕਰ ਸਕੂਲ ਸੁਰੱਖਿਅਤ ਥਾਂ ਨਹੀਂ ਹੈ ਤਾਂ ਬੱਚੇ ਕੀ ਕਰਨ? ਬਦਲਾਪੁਰ ਪੁਲਸ ਨੇ ਮਾਮਲੇ 'ਚ ਜਿਵੇਂ ਦਾ ਰਵੱਈਆ ਵਿਖਾਇਆ ਉਸ ਤੋਂ ਉਹ ਜ਼ਰਾ ਵੀ ਖੁਸ਼ ਨਹੀਂ ਹੈ। ਹਾਈ ਕੋਰਟ ਨੇ ਕਿਹਾ ਕਿ ਅਸੀਂ ਸਿਰਫ਼ ਇਹ ਵੇਖਣਾ ਚਾਹੁੰਦੇ ਹਾਂ ਕਿ ਪੀੜਤ ਬੱਚੀਆਂ ਨੂੰ ਨਿਆਂ ਮਿਲੇ ਅਤੇ ਪੁਲਸ ਨੂੰ ਵੀ ਇੰਨੇ 'ਚ ਹੀ ਦਿਲਚਸਪੀ ਹੋਣੀ ਚਾਹੀਦੀ ਹੈ। ਬੈਂਚ ਨੇ ਪੁਲਸ ਨੂੰ ਇਹ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਕਿ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਿੱਤੀ ਜਾਵੇ। ਪੀੜਤਾਂ ਨੂੰ ਹੋਰ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ। ਬੈਂਚ ਨੇ ਟਿੱਪਣੀ ਵਿਚ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਬੱਚੀਆਂ ਨੇ ਸ਼ਿਕਾਇਤ ਕਰ ਦਿੱਤੀ ਪਰ ਅਜਿਹੇ ਕਿੰਨੇ ਮਾਮਲੇ ਹੋਣਗੇ, ਜਿਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ। ਬੈਂਟ ਨੇ ਕਿਹਾ ਕਿ ਪੁਲਸ ਨੂੰ FIR ਦਰਜ ਕਰਨੀ ਚਾਹੀਦੀ ਸੀ ਪਰ ਸਕੂਲ ਪ੍ਰਸ਼ਾਸਨ ਚੁੱਪ ਰਿਹਾ। ਬੈਂਚ ਨੇ ਮਾਮਲੇ ਦੀ ਜਾਂਚ ਲਈ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਨੂੰ 27 ਅਗਸਤ ਤੱਕ ਰਿਪੋਰਟ ਦਾਇਰ ਕਰਨ ਲਈ ਕਿਹਾ ਹੈ ਕਿ ਉਸ ਨੇ ਕੁੜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਬਿਆਨ ਦਰਜ ਕਰਨ ਲਈ ਕੀ ਕਦਮ ਚੁੱਕੇ ਹਨ।