ਬਦਲਾਪੁਰ ਮਾਮਲਾ: ਦੋਸ਼ੀ ਦੇ ਪਿਤਾ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ, ਜਾਣੋ ਪੂਰਾ ਮਾਮਲਾ
Friday, Sep 27, 2024 - 01:31 PM (IST)
ਮੁੰਬਈ- ਬਦਲਾਪੁਰ ਜਿਨਸੀ ਸ਼ੋਸ਼ਣ ਮਾਮਲੇ ਦੇ ਦੋਸ਼ੀ ਦੇ ਪਿਤਾ ਨੇ ਆਪਣੇ ਪੁੱਤਰ ਲਈ ਦਫ਼ਨਾਉਣ ਦੀ ਥਾਂ ਦੀ ਮੰਗ ਕਰਦਿਆਂ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਦੋਸ਼ੀ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਪੁਲਸ ਗੋਲੀਬਾਰੀ 'ਚ ਮਾਰਿਆ ਗਿਆ ਸੀ। ਪਿਤਾ ਦੇ ਵਕੀਲ ਨੇ ਜਸਟਿਸ ਰੇਵਤੀ ਮੋਹਿਤੇ ਡੇਰੇ ਅਤੇ ਜਸਟਿਸ ਐੱਮ. ਐੱਮ. ਸਥਾਏ ਦੀ ਡਿਵੀਜ਼ਨ ਬੈਂਚ ਦੇ ਸਾਹਮਣੇ ਅਰਜ਼ੀ ਦਾ ਜ਼ਿਕਰ ਕਰਦਿਆਂ ਇਸ 'ਤੇ ਤੁਰੰਤ ਦਖਲ ਦੀ ਮੰਗ ਕੀਤੀ। ਅਦਾਲਤ ਨੇ ਕਿਹਾ ਕਿ ਉਹ ਦੁਪਹਿਰ ਨੂੰ ਪਟੀਸ਼ਨ 'ਤੇ ਸੁਣਵਾਈ ਕਰੇਗੀ।
ਪਿਤਾ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਨੂੰ ਦਫ਼ਨਾਉਣ ਲਈ ਸਥਾਨ ਦਾ ਪ੍ਰਬੰਧ ਕਰਨ ਲਈ ਸਥਾਨਕ ਨਗਰ ਨਿਗਮ ਨੂੰ ਨਿਰਦੇਸ਼ ਦੇਣ। ਪਿਛਲੇ ਮਹੀਨੇ, 24 ਸਾਲਾ ਸ਼ਿੰਦੇ ਨੂੰ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਸ਼ਹਿਰ ਦੇ ਇਕ ਸਕੂਲ ਵਿਚ ਦੋ ਕੁੜੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਹਫਤੇ ਦੇ ਸ਼ੁਰੂ ਵਿਚ ਉਸ ਨੂੰ ਉਸ ਦੀ ਦੂਜੀ ਪਤਨੀ ਦੀ ਸ਼ਿਕਾਇਤ 'ਤੇ ਉਸ ਵਿਰੁੱਧ ਦਰਜ ਕੀਤੇ ਗਏ ਕੇਸ ਦੇ ਸਬੰਧ ਵਿਚ ਤਲੋਜਾ ਜੇਲ ਤੋਂ ਬਦਲਾਪੁਰ ਲਿਜਾਇਆ ਜਾ ਰਿਹਾ ਸੀ, ਜਦੋਂ ਕਥਿਤ ਗੋਲੀਬਾਰੀ ਹੋਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਘਟਨਾ ਸੋਮਵਾਰ ਸ਼ਾਮ ਨੂੰ ਠਾਣੇ ਦੇ ਮੁੰਬਰਾ ਬਾਈਪਾਸ ਨੇੜੇ ਵਾਪਰੀ ਜਦੋਂ ਅਕਸ਼ੈ ਸ਼ਿੰਦੇ ਨੇ ਇਕ ਪੁਲਸ ਮੁਲਾਜ਼ਮ ਦੀ ਬੰਦੂਕ ਖੋਹ ਲਈ। ਪੁਲਸ ਦੀ ਜਵਾਬੀ ਗੋਲੀਬਾਰੀ ਵਿਚ ਉਹ ਮਾਰਿਆ ਗਿਆ, ਕਿਉਂਕਿ ਉਸ ਦੇ ਸਿਰ 'ਤੇ ਗੋਲੀ ਮਾਰੀ ਗਈ ਸੀ। ਪਰਿਵਾਰ ਨੇ ਸ਼ਿੰਦੇ ਦੇ ਸਸਕਾਰ ਕਰਨ ਦੀ ਬਜਾਏ ਦਫ਼ਨਾਉਣ ਦੀ ਇੱਛਾ ਪ੍ਰਗਟਾਈ ਸੀ। ਸ਼ਿੰਦੇ ਦੀ ਲਾਸ਼ ਨੂੰ ਠਾਣੇ ਦੇ ਕਾਲਵਾ ਇਲਾਕੇ ਦੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ। ਸ਼ਿੰਦੇ ਦੇ ਪਰਿਵਾਰ ਅਨੁਸਾਰ ਉਸ ਲਈ ਦਫ਼ਨਾਉਣ ਵਾਲੀ ਜਗ੍ਹਾ ਲੱਭਣਾ ਚੁਣੌਤੀਪੂਰਨ ਸਾਬਤ ਹੋ ਰਿਹਾ ਹੈ ਕਿਉਂਕਿ ਸਥਾਨਕ ਨਿਵਾਸੀਆਂ ਅਤੇ ਸੰਗਠਨਾਂ ਨੇ ਵਿਰੋਧ ਜਤਾਇਆ ਹੈ।