ਮਾਂ ਦੀ ਚਮੜੀ ਦੇ ਟਰਾਂਸਪਲਾਂਟ ਨਾਲ ਬਚਿਆ ਏਅਰ ਇੰਡੀਆ ਜਹਾਜ਼ ਹਾਦਸੇ ’ਚ ਝੁਲਸਿਆ ਬੱਚਾ
Tuesday, Jul 29, 2025 - 12:39 AM (IST)

ਅਹਿਮਦਾਬਾਦ - ਇਥੇ 12 ਜੂਨ ਨੂੰ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੇ ਸਭ ਤੋਂ ਘੱਟ ਉਮਰ ਦੇ ਪੀੜਤ 8 ਮਹੀਨਿਆਂ ਦੇ ਧਿਆਨਸ਼ ਲਈ ਉਸਦੀ ਮਾਂ ਉਸਨੂੰ ਅੱਗ ਤੋਂ ਬਚਾ ਕੇ ਨਾ ਸਿਰਫ ਇਕ ਰੱਖਿਅਕ ਬਣੀ ਸਗੋਂ ਉਸਦੇ ਡੂੰਘੇ ਜਖਮਾਂ ਦੇ ਇਲਾਜ ਲਈ ਆਪਣੀ ਚਮੜੀ ਵੀ ਮੁਹੱਈਆ ਕਰਵਾਈ ਹੈ।
ਡਾਕਟਰਾਂ ਦੇ ਅਨੁਸਾਰ, 36 ਫੀਸਦੀ ਤੱਕ ਝੁਲਸ ਚੁੱਕਾ ਬੱਚਾ ਹੁਣ ਠੀਕ ਹੋ ਰਿਹਾ ਹੈ ਕਿਉਂਕਿ ਉਸਦੀ ਮਾਂ ਦੀ ਚਮੜੀ ਦੀ ਵਰਤੋਂ ਨਾਲ ਉਸਦੇ ਜ਼ਖ਼ਮਾਂ ਨੂੰ ਠੀਕ ਕਰਨ ਵਿਚ ਮਦਦ ਮਿਲੀ ਹੈ। ਇਹ ਔਰਤ ਵੀ 25 ਫੀਸਦੀ ਤੱਕ ਸੜ ਗਈ ਸੀ। ਚਮੜੀ ਟ੍ਰਾਂਸਪਲਾਂਟੇਸ਼ਨ ਵਿਚ ਸਰੀਰ ’ਤੇ ਜਖਮ, ਜਲਣ ਜਾਂ ਸਰਜਰੀ ਜਾਂ ਬੀਮਾਰੀ ਨਾਲ ਨੁਕਸਾਨੇ ਹਿੱਸਿਆਂ ਨੂੰ ਢੱਕਣ ਲਈ ਸਿਹਤਮੰਦ ਚਮੜੀ ਦਾ ਟਰਾਂਸਪਲਾਂਟ ਕੀਤਾ ਜਾਂਦਾ ਹੈ ਅਤੇ ਟਿਸ਼ੂ ਦੇ ਵਾਧੇ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਨਾਲ ਵਿਅਕਤੀ ਨੂੰ ਠੀਕ ਹੋਣ ਵਿਚ ਮਦਦ ਮਿਲਦੀ ਹੈ।
ਡਾਕਟਰਾਂ ਨੇ ਸੋਮਵਾਰ ਨੂੰ ਦੱਸਿਆ ਕਿ 5 ਹਫ਼ਤਿਆਂ ਦੇ ਸਖ਼ਤ ਇਲਾਜ ਅਤੇ ਅੱਗ ਦੇ ਕਾਰਨ ਨੁਕਸਾਨੀ ਚਮੜੀ ਦੀ ਪਲਾਸਟਿਕ ਸਰਜਰੀ ਤੋਂ ਬਾਅਦ ਬੱਚੇ ਅਤੇ ਉਸਦੀ ਮਾਂ ਨੂੰ ਇਥੇ ਇਕ ਨਿੱਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।