ਬਾਬਰੀ ਮਸਜਿਦ ਡੇਗੇ ਜਾਣ ਦੀ ਬਰਸੀ ਅੱਜ, ਅਯੁੱਧਿਆ ਤੇ ਮਥੁਰਾ ’ਚ ਭਾਰੀ ਸੁਰੱਖਿਆ
Saturday, Dec 06, 2025 - 05:38 AM (IST)
ਲਖਨਊ/ਅਯੁੱਧਿਆ/ਮਥੁਰਾ - ਬਾਬਰੀ ਮਸਜਿਦ ਦੀ 6 ਦਸੰਬਰ ਨੂੰ ਬਰਸੀ ਨੂੰ ਧਿਆਨ ’ਚ ਰਖਦਿਆਂ ਅਯੁੱਧਿਆ, ਮਥੁਰਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਜ਼ਿਲਿਆਂ ’ਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 6 ਦਸੰਬਰ 1992 ਨੂੰ ਇਹ ਮਸਜਿਦ ਡੇਗੀ ਗਈ ਸੀ।
ਅਧਿਕਾਰੀਆਂ ਨੇ ਸ਼ੁੱਕਰਵਾਰ ਕਿਹਾ ਕਿ ਵਾਰਾਣਸੀ, ਲਖਨਊ, ਮੇਰਠ, ਅਲੀਗੜ੍ਹ, ਆਗਰਾ, ਕਾਨਪੁਰ ਤੇ ਪ੍ਰਯਾਗਰਾਜ ਸਮੇਤ ਨਾਜ਼ੁਕ ਖੇਤਰਾਂ ’ਚ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਤੋਂ ਬਾਅਦ ਸ਼ਹਿਰ ’ਚ ਚੌਕਸੀ ਵਧਾ ਦਿੱਤੀ ਗਈ ਹੈ। ਐੱਸ. ਐੱਸ. ਪੀ. ਗੌਰਵ ਗਰੋਵਰ ਨੇ ਕਿਹਾ ਕਿ ਸਾਰੇ ਪੁਲਸ ਸਟੇਸ਼ਨਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। 6 ਦਸੰਬਰ ਤੱਕ ਸੁਰੱਖਿਆ ਘੇਰਾ ਸਖ਼ਤ ਰਹੇਗਾ।
ਮੰਦਰ ਦੇ ਰਸਤਿਆਂ, ਹੋਟਲਾਂ, ਖਾਣ-ਪੀਣ ਵਾਲੀਆਂ ਥਾਵਾਂ, ਗੈਸਟ ਹਾਊਸਾਂ ਤੇ ਧਰਮਸ਼ਾਲਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ’ਚ ਆਉਣ ਵਾਲੇ ਵਾਹਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮਥੁਰਾ ’ਚ ਕ੍ਰਿਸ਼ਨ ਜਨਮਭੂਮੀ-ਸ਼ਾਹੀ ਈਦਗਾਹ ਕੰਪਲੈਕਸ ਸਮੇਤ ਹੋਰ ਨਾਜ਼ੁਕ ਥਾਵਾਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਡੀ. ਆਈ. ਜੀ. ਸ਼ੈਲੇਸ਼ ਕੁਮਾਰ ਪਾਂਡੇ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਸੀਨੀਅਰ ਅਧਿਕਾਰੀ ਹਰੇਕ ਜ਼ੋਨ ਦੀ ਨਿਗਰਾਨੀ ਕਰਨਗੇ
ਸੀਨੀਅਰ ਪੁਲਸ ਸੁਪਰਡੈਂਟ ਸ਼ਲੋਕ ਕੁਮਾਰ ਨੇ ਕਿਹਾ ਕਿ ਸ਼ਹਿਰ ਨੂੰ ਜ਼ੋਨਾਂ ਤੇ ਸੈਕਟਰਾਂ ਚ ਵੰਡਿਆ ਗਿਆ ਹੈ। ਹਰੇਕ ਜ਼ੋਨ ਦੀ ਨਿਗਰਾਨੀ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਪੂਰੇ ਸੂਬੇ ’ਚ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਜ਼ਿਲੇ ਦੀਆਂ ਹੱਦਾਂ, ਬਾਜ਼ਾਰਾਂ ਤੇ ਜਨਤਕ ਥਾਵਾਂ ‘ਤੇ ਪੁਲਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ।
ਕੁਝ ਹਿੰਦੂ ਸੰਗਠਨ 6 ਦਸੰਬਰ ਨੂੰ ‘ਸ਼ੌਰਿਆ ਦਿਵਸ’ ਵਜੋਂ ਮਨਾਉਂਦੇ ਹਨ। ਮੁਸਲਿਮ ਗਰੁੱਪ ਇਸ ਨੂੰ ‘ਕਾਲਾ ਦਿਵਸ’ ਵਜੋਂ ਮਨਾਉਂਦੇ ਹਨ। ਇਸ ਕਾਰਨ ਕਾਨੂੰਨ ਵਿਵਸਥਾ ਲਈ ਇਹ ਇੱਕ ਨਾਜ਼ੁਕ ਦਿਨ ਬਣ ਜਾਂਦਾ ਹੈ।
