ਸਪੁਰਦ-ਏ-ਖਾਕ ਹੋਏ Baba Siddiqui, ਸਰਕਾਰੀ ਸਨਮਾਨਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

Monday, Oct 14, 2024 - 05:28 AM (IST)

ਨੈਸ਼ਨਲ ਡੈਸਕ- ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਆਗੂ ਬਾਬਾ ਸਿੱਦੀਕੀ ਦੀ ਮ੍ਰਿਤਕ ਦੇਹ ਨੂੰ ਐਤਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਪੁਰਦ-ਏ-ਖਾਕ ਕਰ ਦਿੱਤਾ ਗਿਆ। ਬਾਬਾ ਸਿੱਦੀਕੀ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਬਾਂਦਰਾ ਸਥਿਤ ਰਿਹਾਇਸ਼ ਤੋਂ ਕਬਰਿਸਤਾਨ ਲਿਜਾਇਆ ਗਿਆ। ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਦੀ ਵੱਡੀ ਭੀੜ ਮੌਜੂਦ ਸੀ।

ਕਬਰਸਤਾਨ ਵਿੱਚ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਪਹਿਲਾਂ ਜਨਾਜ਼ੇ ਦੀ ਨਮਾਜ਼ ਅਦਾ ਕੀਤੀ ਗਈ ਅਤੇ ਫਿਰ ਮ੍ਰਿਤਕ ਦੇਹ ਨੂੰ ਸਪੁਰਦ-ਏ-ਖਾਕ ਕੀਤਾ ਗਿਆ। ਐੱਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਅੰਤਿਮ ਸੰਸਕਾਰ ਮੌਕੇ ਵੱਡਾ ਕਬਰਿਸਤਾਨ ਵਿਖੇ ਪ੍ਰਫੁੱਲ ਪਟੇਲ, ਛਗਨ ਭੁਜਬਲ ਅਤੇ ਅਜੀਤ ਪਵਾਰ ਸਮੇਤ NCP ਨੇਤਾ ਮੌਜੂਦ ਸਨ।

ਬਾਬਾ ਸਿੱਦੀਕੀ ਦੇ ਜਨਾਜ਼ੇ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਨੂੰ ਮੁੰਬਈ ਲਾਈਨ ਵਿੱਚ ਵੱਡਾ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਰਕਾਰੀ ਸਨਮਾਨ ਦਿੱਤਾ ਗਿਆ ਸੀ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸਿਰਫ਼ ਪਰਿਵਾਰਕ ਮੈਂਬਰਾਂ ਨੂੰ ਹੀ ਕਬਰਸਤਾਨ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।

ਦੱਸ ਦੇਈਏ ਕਿ ਬਾਬਾ ਸਿੱਦੀਕੀ ਦਾ ਸ਼ਨੀਵਾਰ ਰਾਤ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੁੰਬਈ ਪੁਲਸ ਮੁਤਾਬਕ ਹਮਲਾ ਅਣਪਛਾਤੇ ਬੰਦੂਕਧਾਰੀਆਂ ਨੇ ਕੀਤਾ ਹੈ। ਬਾਬਾ ਸਿੱਦੀਕੀ ਨੂੰ ਜਲਦਬਾਜ਼ੀ 'ਚ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। 

PunjabKesari

ਦੱਸ ਦੇਈਏ ਕਿ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਲਈ ਗਈ ਹੈ। ਪੁਲਸ ਨੇ ਤਿੰਨ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਮੁੰਬਈ ਪੁਲਸ ਨੇ ਦਾਅਵਾ ਕੀਤਾ ਹੈ ਕਿ ਬਾਬਾ ਸਿੱਦੀਕੀ ਕਤਲ ਕਾਂਡ ਦੇ ਚੌਥੇ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਚੌਥੇ ਦੋਸ਼ੀ ਦਾ ਨਾਂ ਮੁਹੰਮਦ ਜ਼ੀਸ਼ਾਨ ਅਖਤਰ ਹੈ।


Rakesh

Content Editor

Related News